ਗੁਰਦਾਸਪੁਰ ਸਾਂਸਦ ਸੁਨੀਲ ਜਾਖੜ ਨੇ ਪੰਜਾਬੀ ਭਾਸ਼ਾ 'ਚ ਚੁੱਕੀ ਸਹੁੰ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਮੈਂਬਰ ਦੇ ਰੂਪ 'ਚ ਆਪਣੇ ਅਹੁਦੇ ਦੇ ਭੇਤ ਨੂੰ ਗੁਪਤ ਰੱਖਣ ਲਈ ਸਹੁੰ ਚੁੱਕੀ। ਉਨ੍ਹਾਂ ਪੰਜਾਬੀ ਨੂੰ ਮਾਣ ਦਿੰਦੇ ਹੋਏ ਪੰਜਾਬੀ ਭਾਸ਼ਾ 'ਚ ਸਹੁੰ ਚੁੱਕੀ। ਜਾਖੜ ਨੇ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਉਹ ਲੋਕ ਸਭਾ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਲੋਕਤੰਤਰ ਦੇ ਇਸ ਮੰਦਰ 'ਚ ਨਾ ਸਿਰਫ ਪੰਜਾਬ, ਸਗੋਂ ਰਾਸ਼ਟਰ ਪੱਧਰ ਦੇ ਮਹੱਤਵਪੂਰਨ ਮੁੱਦਿਆਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੇ ਸਾਹਮਣੇ ਚੁੱਕਣਗੇ, ਤਾਂ ਕਿ ਲੋਕਾਂ ਦੇ ਮਸਲੇ ਸਰਕਾਰ ਦੇ ਸਾਹਮਣੇ ਲਿਆਂਦੇ ਜਾ ਸਕਣ।

ਉਨ੍ਹਾਂ ਕਿਸਾਨਾਂ ਵਲੋਂ ਵਰਤੇ ਜਾਣ ਵਾਲੇ ਟਰੈਕਟਰਾਂ ਨੂੰ ਵਪਾਰਕ ਵ੍ਹੀਕਲ ਐਲਾਨਣ ਦੇ ਕੇਂਦਰ ਸਰਕਾਰ ਦੇ ਫੈਸਲੇ ਸਬੰਧੀ ਕਿਹਾ ਕਿ ਕਾਂਗਰਸ ਕਿਸਾਨਾਂ 'ਤੇ ਕਿਸੇ ਵੀ ਤਰ੍ਹਾਂ ਦੇ ਆਰਥਿਕ ਬੋਝ ਪਾਉਣ ਵਾਲੇ ਕੇਂਦਰ ਸਰਕਾਰ ਦੇ ਫੈਸਲੇ ਦਾ ਡਟ ਕੇ ਵਿਰੋਧ ਕਰੇਗੀ। 

ਉਨ੍ਹਾਂ ਕਿਹਾ ਕਿ ਕਿਸਾਨਾਂ 'ਤੇ ਪਹਿਲਾਂ ਵੀ ਭਾਰੀ ਕਰਜ਼ਾ ਚੜ੍ਹਿਆ ਹੋਇਆ ਹੈ, ਜਿਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਛੋਟੇ ਕਿਸਾਨਾਂ ਦਾ 2-2 ਲੱਖ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ। ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਦਿਸ਼ਾ 'ਚ ਪੰਜਾਬ ਸਰਕਾਰ ਨੂੰ ਕੋਈ ਵੀ ਸਹਾਇਤਾ ਨਹੀਂ ਦੇ ਸਕੀ ਹੈ। 

ਪੰਜਾਬ 'ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੀ ਚਰਚਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ 'ਚ ਪਿਛਲੇ 10 ਸਾਲਾਂ ਤੋਂ ਜਬਰ ਦਾ ਦੂਜਾ ਨਾਂ ਬਣ ਚੁੱਕਾ ਹੈ। ਇਸ ਲਈ ਵਿਧਾਨ ਸਭਾ ਚੋਣਾਂ 'ਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਕਰਾਰੀ ਹਾਰ ਦਿੱਤੀ ਸੀ।

ਹੁਣ ਕਾਰਪੋਰੇਸ਼ਨ ਚੋਣਾਂ 'ਚ ਵੀ ਗਠਜੋੜ ਨੂੰ ਅਜਿਹੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਬਠਿੰਡਾ ਦੇ ਏਮਸ ਸਬੰਧੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਇਤਰਾਜ਼ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਏਮਸ ਦੀ ਸਥਾਪਨਾ 'ਚ ਕੋਈ ਰੁਕਾਵਟ ਪਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।