ਗੁਰਦਵਾਰਿਆਂ ਦੇ ਲੰਗਰ ਉਤੇ ਤਾਂ ਜੀਐਸਟੀ ਲਾਇਆ ਹੀ ਨਹੀਂ : ਜੇਤਲੀ

ਨਵੀਂ ਦਿੱਲੀ, 2 ਫ਼ਰਵਰੀ: ਵਿੱਤ ਮੰੰਤਰੀ ਅਰੁਣ ਜੇਤਲੀ ਨੇ ਸਪੱਸ਼ਟ ਕੀਤਾ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਵਰਤਾਏ ਜਾਂਦੇ ਲੰਗਰ ਅਤੇ ਪ੍ਰਸ਼ਾਦ ਦੀ ਰਸਦ ਉਤੇ ਉਨ੍ਹਾਂ ਕੋਈ ਮਾਲ ਅਤੇ ਸੇਵਾ ਕਰ (ਜੀਐਸਟੀ) ਨਹੀਂ ਲਗਾਇਆ। ਕਲ ਆਮ ਬਜਟ ਪੇਸ਼ ਕਰਨ ਤੋਂ ਬਾਅਦ ਅੱਜ ਇਕ ਟੀਵੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, 'ਇਹ ਹਕੀਕਤ ਹੈ ਕਿ ਧਾਰਮਕ ਸਥਾਨਾਂ ਵਿਚ ਵਰਤਾਏ ਜਾਂਦੇ ਲੰਗਰ ਦੀ ਰਸਦ ਨੂੰ  ਜੀਐਸਟੀ ਦੇ ਦਾਇਰੇ ਤੋਂ ਬਾਹਰ ਰਖਿਆ ਗਿਆ ਹੈ।' ਜੇਤਲੀ ਨੇ ਕਿਹਾ ਕਿ ਟੈਕਸ ਉਨ੍ਹਾਂ ਚੀਜ਼ਾਂ ਉਤੇ ਲਾਇਆ ਜਾਂਦਾ ਹੈ ਜੋ ਵੇਚੀਆਂ ਜਾਂਦੀਆਂ ਹਨ। ਲੰਗਰ ਵੇਚਿਆ ਨਹੀਂ ਜਾਂਦਾ ਇਸ ਲਈ ਇਸ ਉਤੇ ਕੋਈ ਟੈਕਸ ਨਹੀਂ ਲਾਇਆ ਜਾ ਸਕਦਾ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਗੁਰਦਵਾਰਿਆਂ ਦਾ ਨਾਮ ਲਿਆ। ਵਿੱਤ ਮੰਤਰੀ ਨੂੰ ਖ਼ਾਸਕਰ ਪੰਜਾਬ ਦੇ ਸੰਦਰਭ ਵਿਚ ਇਹ ਸਵਾਲ ਪੁਛਿਆ ਗਿਆ ਸੀ ਜਿਥੋਂ ਦੀਆਂ ਪ੍ਰਮੁੱਖ ਸਿਆਸੀ ਅਤੇ ਧਾਰਮਕ ਧਿਰਾਂ ਕੇਂਦਰ ਕੋਲੋਂ ਲਗਾਤਾਰ ਮੰਗ ਕਰ ਰਹੀਆਂ ਹਨ ਕਿ ਲੰਗਰ ਅਤੇ ਪ੍ਰਸ਼ਾਦ ਨੂੰ ਜੀਐਸਟੀ ਤੋਂ ਮੁਕਤ ਕੀਤਾ ਜਾਵੇ। ਅਰੁਣ ਜੇਤਲੀ ਨੇ ਕਿਹਾ ਕਿ ਲੰਗਰ ਅਤੇ ਪ੍ਰਸ਼ਾਦ ਉਤੇ ਤਾਂ ਕੇਂਦਰ ਨੇ ਜੀਐਸਟੀ ਲਾਇਆ ਹੀ ਨਹੀਂ,

 ਫਿਰ ਵਿਵਾਦ ਕਿਹੜੀ ਗੱਲ ਦਾ ਹੈ? ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਕੇਂਦਰ ਉਤੇ ਲਗਾਤਾਰ ਦਬਾਅ ਪਾ ਰਹੇ ਹਨ ਕਿ ਲੰਗਰ ਨੂੰ ਜੀਐਸਟੀ ਤੋਂ ਮੁਕਤ ਕੀਤਾ ਜਾਵੇ ਪਰ ਜੇਤਲੀ ਦੇ ਉਕਤ ਸਪੱਸ਼ਟੀਕਰਨ ਨੇ ਤਸਵੀਰ ਸਾਫ਼ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸ ਬਾਰੇ ਵਿਵਾਦ ਉੱਠਣ ਮਗਰੋਂ ਕੇਂਦਰੀ ਮੰਤਰੀ ਅਤੇ ਅਕਾਲੀ ਦਲ ਆਗੂ ਹਰਸਿਮਰਤ ਕੌਰ ਬਾਦਲ ਨੇ ਵੀ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਲੰਗਰ ਤੋਂ ਜੀ.ਐਸ.ਟੀ. ਹਟਾਇਆ ਜਾਵੇ। ਇਸ ਤੋਂ ਬਾਅਦ ਜੁਲਾਈ ਮਹੀਨੇ ਵੀ ਵਿੱਤ ਮੰਤਰਾਲੇ ਨੇ ਸਪੱਸ਼ਟੀਕਰਨ ਦਿਤਾ ਸੀ ਕਿ ਧਾਰਮਕ ਅਸਥਾਨਾਂ ਵਿਚ ਵਰਤਾਏ ਜਾਂਦੇ ਲੰਗਰ ਅਤੇ ਪ੍ਰਸਾਦ ਨੂੰ ਜੀਐਸਟੀ ਦੇ ਦਾਇਰੇ ਤੋਂ ਵੱਖ ਰਖਿਆ ਗਿਆ ਹੈ।ਜੀਐਸਟੀ ਦੇਸ਼ ਵਿਚ 1 ਜੁਲਾਈ ਨੂੰ ਲਾਗੂ ਕੀਤਾ ਗਿਆ ਸੀ ਤੇ ਉਦੋਂ ਮੀਡੀਆ ਰੀਪੋਰਟਾਂ ਛਪੀਆਂ ਸਨ ਕਿ ਧਾਰਮਕ ਅਸਥਾਨਾਂ ਅੰਦਰ ਵਰਤਾਏ ਜਾਂਦੇ ਲੰਗਰ ਉਤੇ ਵੀ ਜੀਐਸਟੀ ਲੱਗੇਗਾ। ਕੇਂਦਰ ਦੇ ਇਸ ਕਥਿਤ ਫ਼ੈਸਲੇ ਦਾ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਅਤੇ ਧਾਰਮਕ ਧਿਰਾਂ ਨੇ ਸਖ਼ਤ ਵਿਰੋਧ ਕੀਤਾ ਸੀ ਤੇ ਉਦੋਂ ਹੀ ਵਿੱਤ ਮੰਤਰਾਲੇ ਨੇ ਮੀਡੀਆ ਰੀਪੋਰਟਾਂ ਦੇ ਸੰਦਰਭ ਵਿਚ ਉਕਤ ਸਪੱਸ਼ਟੀਕਰਨ ਦਿਤਾ ਸੀ। ਅੱਜ ਵਿੱਤ ਮੰਤਰੀ ਨੇ ਤਸਵੀਰ ਬਿਲਕੁਲ ਸਾਫ਼ ਕਰ ਦਿਤੀ।  (ਏਜੰਸੀ)