ਗੁਰਪ੍ਰੀਤ ਸਿੰਘ ਕਤਲ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈ ਕੋਰਟ ਜਾਵੇਗੀ

ਨਵੀਂ ਦਿੱਲੀ : ਦਿੱਲੀ ਅਦਾਲਤ ਨੇ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦਾ ਕਤਲ ਕਰਨ ਵਾਲੇ ਦੋਸ਼ੀ ਵਿਰੁਧ ਧਾਰਾ 295-ਏ ਹਟਾ ਦਿਤੀ ਹੈ। ਜਿਸ ਵਿਰੁਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਾਮਲਾ ਲੈ ਕੇ ਹਾਈ ਕੋਰਟ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਫ਼ੋਟੋਗ਼੍ਰਾਫੀ ਦੇ ਅਪਣੇ ਕੰਮ ਦੌਰਾਨ ਰਾਹ ‘ਚ ਉਹ ਇਕ ਢਾਬੇ ‘ਤੇ ਖਾਣਾ ਖਾਣ ਰੁਕੇ ਸਨ ਤਾਂ ਉਨ੍ਹਾਂ ‘ਤੇ ਬਦਮਾਸ਼ਾਂ ਦੇ ਇਕ ਗਰੁਪ ਨੇ ਮੂੰਹ ਉਤੇ ਸਿਗਰਟ ਦਾ ਧੂੰਆਂ ਮਾਰਿਆ ਅਤੇ ਸਿੱਖ ਕੌਮ ਪ੍ਰਤੀ ਅਪਮਾਨਜਨਕ ਸ਼ਬਦ ਬੋਲੇ।
ਜਦੋਂ ਸਿੱਖ ਨੌਜਵਾਨਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਟੋਕਿਆ ਤਾਂ ਖਾਣਾ ਖਾਣ ਤੋਂ ਬਾਅਦ ਜਦੋਂ ਉਹ ਅਪਣੇ ਮੋਟਰਸਾਈਕਲ ‘ਤੇ ਚੱਲ ਪਏ ਤਾਂ ਉਹ ਬਦਮਾਸ਼ਾਂ ਵਿਚੋਂ ਇਕ ਨੇ ਕਤਲ ਕਰ ਦੇਣ ਦੇ ਇਰਾਦੇ ਨਾਲ ਫ਼ੋਰਡ ਫ਼ਿਸਟਾ ਕਾਰ ਜਾਣਬੁੱਝ ਕੇ ਤੇਜ਼ ਭਜਾ ਕੇ ਇਨ੍ਹਾਂ ਨੌਜਵਾਨਾਂ ਉਤੇ ਚੜ੍ਹਾ ਦਿਤੀ। 

ਜਿਸ ਕਾਰਨ ਦੋਹੇ ਨੌਜਵਾਨ ਜ਼ਖ਼ਮੀ ਹੋ ਗਏ। ਇਸ ਹਮਲੇ ਕਾਰਨ ਇਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਦੋਸ਼ੀ ਦੀ ਪਛਾਣ ਰੋਹਿਤ ਕ੍ਰਿਸ਼ਨਾ ਮਹੰਤਾ ਵਜੋਂ ਹੋਈ ਸੀ ਜੋ ਕਿ ਇਕ ਵਕੀਲ ਹੈ,ਜਿਸ ਨੂੰ ਅਪੋਲੋ ਹਸਪਤਾਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।