ਹਾਈਕੋਰਟ ਦਾ 'ਲਵ ਮੈਰਿਜ' ਕਰਵਾਉਣ ਵਾਲਿਆਂ ਦੇ ਹੱਕ 'ਚ ਫੈਸਲਾ

ਕੋਚੀ: ਕੇਰਲ ਹਾਈਕੋਰਟ ਨੇ ਵੀਰਵਾਰ ਨੂੰ ਕਿਹਾ ਸੀ ਕਿ ਸਾਰੀਆਂ ਲਵ ਮੈਰਿਜਾਂ ਨੂੰ ਲਵ ਜਿਹਾਦ ਨਹੀਂ ਕਿਹਾ ਜਾ ਸਕਦਾ। ਹਾਈਕੋਰਟ ਦਾ ਇਹ ਕੰਮੈਂਟ ਕਨੂਰ ਦੇ ਰਹਿਣ ਵਾਲੇ ਸ਼ਰੂਤੀ ਤੇ ਅਨੀਸ ਹਮੀਦ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਆਇਆ ਹੈ। 

ਸ਼ਰੂਤੀ ਨੇ ਹਾਈਕੋਰਟ ਤੋਂ ਆਪਣੇ ਪਤੀ ਨਾਲ ਰਹਿਣ ਦੀ ਇਜਾਜ਼ਤ ਮੰਗੀ ਸੀ। ਕੋਰਟ ਨੇ ਆਪਣੇ ਫੈਸਲੇ ‘ਚ ਸ਼ਰੂਤੀ ਨੂੰ ਪਤੀ ਅਨੀਸ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।ਅਨੀਸ ‘ਤੇ ਇਲਜ਼ਾਮ ਹੈ ਕਿ ਉਸ ਨੇ ਸ਼ਰੂਤੀ ਨੂੰ ਅਗਵਾ ਕਰ ਲਿਆ ਸੀ ਤੇ ਜ਼ਬਰਦਸਤੀ ਉਸ ਦਾ ਧਰਮ ਬਦਲ ਦਿੱਤਾ। ਇਹ ਵੀ ਇਲਜ਼ਾਮ ਸੀ ਕਿ ਅਨੀਸ ਨੇ ਸ਼ਰੂਤੀ ਨਾਲ ਜ਼ਬਰਦਸਤੀ ਨਿਕਾਹ ਕੀਤਾ। 

ਹਾਈਕੋਰਟ ਨੇ ਕਿਹਾ ਕਿ ਹਰ ਲਵ ਮੈਰਿਜ ਨੂੰ ਲਵ ਜਿਹਾਦ ਨਹੀਂ ਕਿਹਾ ਜਾ ਸਕਦਾ। ਅਜਿਹੇ ਵਿਆਹਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਕਿਉਂਕਿ ਪਿਆਰ ਦੀ ਕੋਈ ਹੱਦ ਨਹੀਂ ਹੁੰਦੀ।ਕੇਰਲ ਹਾਈਕੋਰਟ ਨੇ 25 ਮਈ ਨੂੰ ਹਿੰਦੂ ਕੁੜੀ ਹਾਦੀਆ (24) ਦੇ ਕੇਰਲ ਦੇ ਮੁਸਲਮਾਨ ਮੁੰਡੇ ਸ਼ਫੀਨ ਜਹਾਂ ਨਾਲ ਨਿਕਾਹ ਨੂੰ ਰੱਦ ਕਰਾਰ ਦਿੱਤਾ ਸੀ ਤੇ ਉਸ ਦੇ ਮਾਂ-ਪਿਓ ਦੇ ਕੋਲ ਰੱਖਣ ਦਾ ਹੁਕਮ ਦਿੱਤਾ ਸੀ। 

ਹਾਦੀਆ ਨੇ ਸ਼ਫੀਨ ਨਾਲ ਦਸੰਬਰ 2016 ‘ਚ ਨਿਕਾਹ ਕੀਤਾ ਸੀ। ਇਲਜ਼ਾਮ ਹੈ ਕਿ ਨਿਕਾਹ ਤੋਂ ਪਹਿਲਾਂ ਕੁੜੀ ਦਾ ਧਰਮ ਬਦਲਵਾਇਆ ਗਿਆ। ਸ਼ਫੀਨ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਕੇਰਲ ਹਾਈਕੋਰਟ ਦੇ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।