ਫਿਰੋਜ਼ਪੁਰ, 6 ਜਨਵਰੀ (ਬਲਬੀਰ ਸਿੰਘ ਜੋਸਨ): ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਿਸ ਨੇ ਬੀਤੀ ਦਿਨ ਇਕ ਸਮੱਗਲਰ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਸਮਗਲਰ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪੋਜੋ ਕੇ ਉਤਾੜ ਵਜੋਂ ਕੀਤੀ ਗਈ ਹੈ। ਜਾਣਕਾਰੀ ਦਿੰਦੇ ਏ.ਐਸ.ਜੀ. ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨਰਿੰਦਰਪਾਲ ਸਿੰਘ ਨੇ ਦਸਿਆ ਕਿ ਸਮੱਗਲਰ ਸੁਰਜੀਤ ਸਿੰਘ ਦੇ ਸਾਥੀ ਨੂੰ ਕਰੀਬ ਤਿੰਨ ਦਿਨ ਪਹਿਲੋਂ ਬੀਐਸਐਫ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ, ਜਦੋਂਕਿ ਸੁਰਜੀਤ ਸਿੰਘ ਭੱਜਣ ਵਿਚ ਸਫਲ ਹੋ ਗਿਆ ਸੀ।
ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਇੰਸਪੈਕਟਰ ਪਰਮਜੀਤ ਸਿੰਘ, ਸਬ ਇੰਸਪੈਕਟਰ ਤਰਲੋਚਨ ਸਿੰਘ, ਰਜਵੰਤ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਜਤਿੰਦਰ ਸਿੰਘ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਕਿਸੇ ਖਾਸ ਮੁਖਬਰ ਨੇ ਇਤਲਾਹ ਦਿਤੀ ਕਿ ਸੁਰਜੀਤ ਸਿੰਘ ਨਾਮ ਦਾ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਤਸਕਰੀ ਕਰ ਰਿਹਾ ਹੈ ਅਤੇ ਹੁਣ ਵੀ ਹੈਰੋਇਨ ਅਤੇ ਡਰੱਗ ਮਨੀ ਲੈ ਕੇ ਕਿਤੇ ਜਾ ਰਿਹਾ ਹੈ। ਏਆਈਜੀ ਨੇ ਦਸਿਆ ਕਿ ਜਦੋਂ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੱਸੀ ਗਈ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਹੀ ਤਾਂ ਉਥੋਂ ਸਮੱਗਲਰ ਸੁਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪੋਜੋ ਕੇ ਉਤਾੜ ਨੂੰ 270 ਗ੍ਰਾਮ ਹੈਰੋਇਨ ਅਤੇ 4 ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦਸਿਆ ਕਿ ਉਕਤ ਸਮਗਲਰ ਵਿਰੁਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।