ਹਨੀਪ੍ਰੀਤ ਨੇ ਕਬੂਲ ਕੀਤਾ ਗੁਨਾਹ, ਪੰਚਕੂਲਾ ਦੰਗਿਆਂ 'ਚ ਸੀ ਉਸ ਦਾ ਹੱਥ

ਖਾਸ ਖ਼ਬਰਾਂ

ਪੰਚਕੂਲਾ: ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਉੱਤੇ ਹਰਿਆਣਾ ਦੇ ਪੰਚਕੂਲਾ ਵਿੱਚ ਭੜਕੀ ਹਿੰਸਾ ਅਤੇ 35 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਹੁਣ ਤਾਜਾ ਖਬਰ ਆ ਰਹੀ ਹੈ। ਇਸ ਹਿੰਸਾ ਵਿੱਚ ਮੁੱਖ ਦੋਸ਼ੀ ਮੰਨੀ ਜਾ ਰਹੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇ ਆਪਣਾ ਦੋਸ਼ ਸਵੀਕਾਰ ਕੀਤਾ ਹੈ। 

ਪੁਲਿਸ ਸੂਤਰਾਂ ਅਨੁਸਾਰ ਹਨੀਪ੍ਰੀਤ ਨੇ ਕਬੂਲ ਲਿਆ ਹੈ ਕਿ ਪੰਚਕੂਲਾ ਦੀ ਹਿੰਸਾ 'ਚ ਉਸ ਦਾ ਹੱਥ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਹਨੀਪ੍ਰੀਤ ਨੇ ਪੰਚਕੂਲਾ ਹਿੰਸਾ ਵਿੱਚ ਆਪਣੇ ਆਪ ਦੇ ਸ਼ਾਮਿਲ ਹੋਣ ਦੀ ਗੱਲ ਨੂੰ ਮੰਨਿਆ ਹੈ। ਇੱਕ ਨਿੱਜੀ ਅਖ਼ਬਾਰ ਦੇ ਅਨੁਸਾਰ ਹਨੀਪ੍ਰੀਤ ਦੇ ਲੈਪਟਾਪ ਤੋਂ ਨਕਸ਼ੇ ਅਤੇ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਹਿੰਸਾ ਭੜਕਾਉਣ ਨਾਲ ਸਬੰਧਤ ਜਾਣਕਾਰੀ ਵੀ ਹਾਸਲ ਹੋਈ ਹੈ। 

3 ਅਕਤੂਬਰ ਨੂੰ ਹਰਿਆਣਾ ਪੁਲਿਸ ਨੇ ਹਨੀਪ੍ਰੀਤ ਅਤੇ ਉਸਦੀ ਇੱਕ ਮਹਿਲਾ ਸਾਥੀ ਸੁਖਦੀਪ ਕੌਰ ਨੂੰ ਪੰਜਾਬ ਵਿੱਚ ਜੀਰਕਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਫਿਰ ਚਾਰ ਅਕਤੂਬਰ ਨੂੰ ਪੰਚਕੂਲਾ ਦੀ ਅਦਾਲਤ ਨੇ ਹਨੀਪ੍ਰੀਤ ਅਤੇ ਸੁਖਦੀਪ ਨੂੰ ਛੇ ਦਿਨ ਦੇ ਰਿਮਾਂਡ ਉੱਤੇ ਪੁਲਿਸ ਦੇ ਹਵਾਲੇ ਕੀਤਾ ਸੀ। ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਹੋਈ ਹਿੰਸਾ ਦੇ ਸਿਲਸਿਲੇ ਵਿੱਚ ਹਨੀਪ੍ਰੀਤ ਇੱਕ ਮਹੀਨੇ ਤੋਂ ਜ਼ਿਆਦਾ ਅਰਸੇ ਤੋਂ ਫਰਾਰ ਸੀ। 

ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ ਬੀਐਸ ਸੰਧੂ ਦੇ ਅਨੁਸਾਰ ਪ੍ਰਿਅੰਕਾ ਤਨੇਜਾ ਉਰਫ ਹਨੀਪ੍ਰੀਤ ਨੂੰ ਜੀਰਕਪੁਰ - ਪਟਿਆਲਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ। ਬਲਾਤਕਾਰ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਹੋਈ ਹਿੰਸਾ ਦੀਆਂ ਘਟਨਾਵਾਂ ਦੇ ਸਿਲਸਿਲੇ ਵਿੱਚ ‘ਲੋੜੀਂਦੀ’ 43 ਲੋਕਾਂ ਦੀ ਸੂਚੀ ਵਿੱਚ ਹਨੀਪ੍ਰੀਤ ਦਾ ਨਾਮ ਸਭ ਤੋਂ ਉੱਤੇ ਹੈ।