ਹਰਿਆਣਾ ਪੁਲਿਸ ਦੇ ਹਥਿਆਰ ਜਮ੍ਹਾ ਕਰਵਾਉਣ ਦੇ ਨੋਟਿਸ 'ਤੇ ਕਾਰਵਾਈ ਕਰਦਿਆਂ ਡੇਰਾ ਸਿਰਸਾ ਦੀ ਮੈਨੇਜਮੈਂਟ ਵੱਲੋਂ ਵੱਡੀ ਗਿਣਤੀ ਵਿੱਚ ਲਾਇਸੈਂਸੀ ਹਥਿਆਰ ਥਾਣਾ ਸਦਰ ਸਿਰਸਾ ਵਿੱਚ ਜਮ੍ਹਾ ਕਰਵਾਏ ਹਨ। ਡੇਰਾ ਮੈਨੇਜਮੈਂਟ ਨੇ ਪੁਲਿਸ ਕੋਲ 35 ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਹਨ।
ਪੁਲਿਸ ਦੇ ਦੱਸਣ ਅਨੁਸਾਰ ਇਹਨਾਂ ਵਿੱਚ ਦੋਨਾਲੀ, ਪਿਸਤੌਲ ਅਤੇ ਸਿੰਗਲ ਬੈਰਲ ਬੰਦੂਕਾਂ ਸ਼ਾਮਿਲ ਹਨ। ਪੁਲਿਸ ਵੱਲੋਂ ਡੇਰਾ ਪ੍ਰਬੰਧਕਾਂ ਨੂੰ 2 ਦਿਨਾਂ ਵਿੱਚ ਹਥਿਆਰ ਜਮ੍ਹਾਂ ਕਰਵਾਉਣ ਦਾ ਸਮਾਂ ਦਿੱਤਾ ਗਿਆ ਸੀ। ਜ਼ਿਕਰਯੋਗ ਹੀ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰੀ ਵਿੱਚ ਸਜ਼ਾ ਹੋਣ ਤੋਂ ਬਾਅਦ ਹਿੰਸਾ ਭੜਕ ਗਈ ਸੀ।
ਡੇਰਾ ਪ੍ਰੇਮੀਆਂ ਵੱਲੋਂ ਹਰਿਆਣਾ, ਪੰਜਾਬ ਤੇ ਦਿੱਲੀ ਤੱਕ ਮਚਾਏ ਹੁੜਦੰਗ ਤੋਂ ਬਾਅਦ ਡੇਰੇ ਕੋਲ ਵੱਡੀ ਗਿਣਤੀ ਹਥਿਆਰ ਹੋਣ ਦੀਆਂ ਆਵਾਜ਼ਾਂ ਉੱਠ ਰਹੀਆਂ ਸਨ। ਭਾਵੇਂ ਡੇਰਾ ਮੈਨੇਜਮੈਂਟ ਨੇ ਪੁਲਿਸ ਕੋਲ 35 ਹਥਿਆਰ ਜਮ੍ਹਾ ਕਰਵਾ ਦਿੱਤੇ ਹਨ ਪਰ ਇਸਦੇ ਬਾਵਜੂਦ ਡੇਰੇ ਅੰਦਰ ਹੋਰ ਹਥਿਆਰ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।