ਹੌਜ਼ਰੀ ਫ਼ੈਕਟਰੀ 'ਚ ਅੱਗ ਲੱਗੀ, ਕਰੋੜਾਂ ਦੇ ਨੁਕਸਾਨ ਦਾ ਖ਼ਦਸ਼ਾ

ਖਾਸ ਖ਼ਬਰਾਂ

ਲੁਧਿਆਣਾ, 24 ਅਕਤੂਬਰ (ਗੁਰਮਿੰਦਰ ਗਰੇਵਾਲ) : ਮਹਾਂਨਗਰ ਦੇ ਸ਼ਿੰਗਾਰ ਸਿਨੇਮਾ ਨੇੜਲੇ ਇਲਾਕੇ 'ਚ ਅੱਜ ਸਵੇਰੇ ਸਥਿਤ ਹੌਜ਼ਰੀ ਫੈਕਟਰੀ ਵਿਚ ਅਚਾਨਕ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ। ਇਸ ਅਗਨੀਜ਼ਨੀ ਦੀ ਘਟਨਾ ਕਾਰਨ ਹੌਜ਼ਰੀ ਫੈਕਟਰੀ ਵਿਚ ਪਿਆ ਕਰੋੜਾਂ ਰੁਪਏ ਕੀਮਤ ਦਾ ਤਿਆਰ ਮਾਲ ਅਤੇ ਧਾਗਾ ਸੜ ਗਿਆ। ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਸ਼ਿੰਗਾਰ ਸਿਨੇਮਾ ਦੇ ਨੇੜੇ ਪੈਂਦੇ ਰਣਜੀਤ ਸਿੰਘ ਪਾਰਕ ਪਿਛਲੇ ਪਾਸੇ ਸਕਾਈ ਲਾਈਨ ਹੌਜ਼ਰੀ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ, ਜਦ ਆਲੇ-ਦੁਆਲੇ ਦੇ ਲੋਕਾਂ ਨੇ ਫੈਕਟਰੀ ਵਿਚੋਂ ਧੂੰਆਂ ਨਿਕਲਦਾ ਵੇਖਿਆ। ਉਨ੍ਹਾਂ ਇਸ ਸਬੰਧ ਵਿਚ ਫੈਕਟਰੀ ਮਾਲਿਕ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ ਦਰਜਨ ਤੋਂ ਵੀ ਵੱਧ ਗੱਡੀਆਂ ਨੂੰ ਇਸ ਅੱਗ ਉੱਪਰ ਕਾਬੁ ਪਾਉਣ ਵਿਚ ਕਈ ਘੰਟੇ ਲੱਗ ਗਏ, ਪਰ ਉਸ ਸਮੇਂ ਤੱਕ ਕਰੋੜਾਂ ਦਾ ਮਾਲ ਸੜ ਕੇ ਸੁਆਹ ਹੋ ਚੁੱਕਾ ਸੀ।

 ਹਾਲਾਂਕਿ ਇਸ ਅੱਗਜ਼ਨੀ ਦੀ ਘਟਨਾ ਵਿਚ ਕਿਸੇ ਤਰਾਂ ਦਾ ਜਾਨੀ ਨੁਕਸਾਨ ਨਹੀ ਹੋਇਆ ਕਿਉਂਕਿ ਜਿਸ ਸਮੇਂ ਅੱਗ ਲੱਗੀ ਉਸ ਸਮੇਂ ਅਜੇ ਕੰਮ ਦੀ ਸ਼ਿਫਟ ਸ਼ੁਰੂ ਨਹੀਂ ਹੋਈ। ਅੱਗ ਲੱਗਣ ਦੇ ਸਹੀ ਕਾਰਨ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ, ਪਰ ਖ਼ਦਸ਼ਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਹੋਵੇਗੀ।ਅੱਗ ਫੈਕਟਰੀ ਦੀ ਹੇਠਲੀ ਮੰਜਿਲ ਤੋਂ ਸ਼ੁਰੂ ਹੋਈ। ਇਸ ਤੋਂ ਬਾਅਦ ਅੱਗ ਦੀਆਂ ਲਪਟਾਂ ਨੇ ਦੂਜੀ ਮੰਜਿਲ ਨੂੰ ਲਪੇਟ ਵਿਚ ਲਿਆ ਅਤੇ ਵੇਖਦੇ ਹੀ ਵੇਖਦੇ ਸਾਰੀ ਫੈਕਟਰੀ ਅੱਗ ਦੀ ਲਪੇਟ 'ਚ ਆ ਗਈ। ਅੱਗ ਦੀ ਇਸ ਘਟਨਾ ਤੋਂ ਬਾਅਦ ਫ਼ੈਕਟਰੀ ਦੇ ਨਾਲ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ, ਕਿਉਂਕਿ ਅੱਗ ਲੱਗਣ ਕਾਰਨ ਫ਼ੈਕਟਰੀ ਦੀ ਬਿਲਡਿੰਗ ਦੀ ਹਾਲਤ ਕਾਫ਼ੀ ਖ਼ਸਤਾ ਹੋ ਚੁੱਕੀ ਹੈ। ਖ਼ਬਰ ਲਿਖੇ ਜਾਣ ਤਕ ਫ਼ੈਕਟਰੀ 'ਚ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਸੀ।