ਗੁਰਦਾਸਪੁਰ, 4 ਦਸੰਬਰ (ਹੇਮੰਤ ਨੰਦਾ) : ਹਿਮਾਚਲ ਪ੍ਰਦੇਸ਼ ਦੇ ਚਾਮੁੰਡਾ ਦੇਵੀ ਤੋਂ ਪਠਾਨਕੋਟ ਆ ਰਹੀ ਹਿਮਾਚਲ ਪੱਥ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ 21 ਲੋਕ ਜ਼ਖ਼ਮੀ ਹੋ ਗਏ ਅਤੇ ਚਾਰ ਲੋਕਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ।ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਬੱਸ ਚਾਲਕ ਨੂਰਪੁਰ ਨੇੜੇ ਇਕ ਟਰੱਕ ਨੂੰ ਜਿਵੇਂ ਹੀ ਓਵਰਟੇਕ ਕਰਨ ਲੱਗਾ ਤਾਂ ਅਚਾਨਕ ਹੀ ਬੱਸ ਦਾ ਸੰਤੁਲਨ ਵਿਗੜ ਗਿਆ ਅਤੇਬੱਸ ਮੁਸਾਫ਼ਰਾਂ ਸਮੇਤ ਸੜਕ ਦੇ ਇਕ ਪਾਸੇ 6 ਫੁੱਟ ਨੀਚੇ ਪਲਟ ਗਈ।
ਮੌਕੇ 'ਤੇ ਆਲੇ-ਦੁਆਲੇ ਦੇ ਲੋਕਾਂ ਨੇ ਬੱਸ ਵਿਚੋਂ ਜ਼ਖ਼ਮੀਆਂ ਨੂੰ ਕੱਢ ਕੇ ਨੂਰਪੁਰ ਦੇ ਹਸਪਤਾਲ ਵਿਚ ਦਾਖ਼ਲ ਕਰਵਾ ਦਿਤਾ ਅਤੇ ਬਾਕੀ ਜ਼ਖ਼ਮੀ ਲੋਕਾਂ ਨੂੰ ਟਾਂਢਾ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਗਿਆ। ਇਸ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਪਛਾਣ ਨੂਤਨ, ਮਨਿੰਦਰ ਸਿੰਘ, ਸੰਤੋਸ਼ ਕੁਮਾਰੀ, ਰੀਤੂ ਦੇਵੀ, ਅੰਸ਼ੂ, ਮਹੇਸ਼, ਮਮਤਾ, ਪੰਕਜ, ਰਾਕੇਸ਼ ਕੁਮਾਰ, ਬਿਸ਼ਮਬਰ ਲਾਲ, ਅਨਿਲ ਸ਼ਰਮਾ ਆਦਿ ਲੋਕਾਂ ਦੇ ਨਾਮ ਤੋਂ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।