ਹੁਣ ਦਿੱਲੀ ਦੇ ਸਕੂਲ 'ਚ ਹੋਇਆ ਵਿਦਿਆਰਥੀ ਦਾ ਕਤਲ, 3 ਗ੍ਰਿਫ਼ਤਾਰ

ਖਾਸ ਖ਼ਬਰਾਂ

ਨਵੀਂ ਦਿੱਲੀ- ਦਿੱਲੀ ਨੇੜੇ ਗੁਰੂਗ੍ਰਾਮ 'ਚ ਕੁਝ ਮਹੀਨੇ ਪਹਿਲਾਂ ਰੇਆਨ ਇੰਟਰਨੈਸ਼ਨਲ ਸਕੂਲ 'ਚ ਪ੍ਰਦਿਊਮਨ ਨਾਂ ਦੇ ਵਿਦਿਆਰਥੀ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ ਦਿੱਲੀ ਦੇ ਇਕ ਨਿੱਜੀ ਸਕੂਲ 'ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 16 ਸਾਲਾ ਇਕ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਉੱਤਰ ਪੂਰਬੀ ਦਿੱਲੀ ਪੁਲਿਸ ਕਮਿਸ਼ਨਰ ਅਜੀਤ ਕੇ ਸਿੰਗਲਾ ਅਨੁਸਾਰ ਇਹ ਘਟਨਾ ਰਾਜਧਾਨੀ ਦੇ ਕਰਾਵਲ ਨਗਰ ਦੀ ਹੈ, ਜਿੱਥੇ ਜੀਵਨ ਜੋਤੀ ਨਾਂ ਦੇ ਇਕ ਨਿੱਜੀ ਸਕੂਲ 'ਚ 9ਵੀਂ ਜਮਾਤ ਦੇ ਵਿਦਿਆਰਥੀ ਤੂਸ਼ਾਰ ਦੀ ਸ਼ੁੱਕਰਵਾਰ ਨੂੰ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। 

ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਅਤੇ ਸਕੂਲ 'ਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਲੱਗਾ ਹੈ ਕਿ ਤੂਸ਼ਾਰ ਦੀ ਸਕੂਲ ਦੇ ਟਾਇਲਟ 'ਚ ਕੁਝ ਵਿਦਿਆਰਥੀਆਂ ਨਾਲ ਕੁੱਟਮਾਰ ਹੋਈ ਸੀ। ਕੁੱਟਮਾਰ ਦੌਰਾਨ ਸੱਟ ਲੱਗਣ ਕਾਰਨ ਉਹ ਡਿੱਗ ਗਿਆ ਸੀ ਅਤੇ ਇਸ ਕਾਰਨ ਹੀ ਬਾਅਦ 'ਚ ਉਸ ਦੀ ਮੌਤ ਹੋ ਗਈ।
ਫੁਟੇਜ ਦੇ ਆਧਾਰ 'ਤੇ ਤਿੰਨ ਵਿਦਿਆਰਥੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ ਅਤੇ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 304 ਦੇ ਅਧੀਨ ਦਰਜ ਕੀਤੇ ਗਏ ਇਸ ਮਾਮਲੇ ਨੂੰ ਕਤਲ ਦਾ ਮਾਮਲਾ ਮੰਨਦੇ ਹੋਏ ਧਾਰਾ 302 ਦੇ ਅਧੀਨ ਦਰਜ ਕਰਵਾਇਆ ਗਿਆ ਹੈ। 

ਸਿੰਗਲਾ ਅਨੁਸਾਰ ਸਕੂਲ ਦੇ ਕੁਝ ਵਿਦਿਆਰਥੀਆਂ ਨੇ ਪੁਲਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਤੂਸ਼ਾਰ ਨੂੰ ਟਾਇਲਟ 'ਚ ਬੇਹੋਸ਼ੀ ਦੀ ਹਾਲਤ 'ਚ ਪਿਆਰ ਵੇਖਿਆ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਪੁਲਿਸ ਕਮਿਸ਼ਨਰ ਅਨੁਸਾਰ ਇਸ ਬਾਰੇ ਸਕੂਲ ਦੇ ਵਿਦਿਆਰਥੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮੈਡੀਕਲ ਬੋਰਡ ਵੱਲੋਂ ਪ੍ਰੀਖਣ ਤੋਂ ਬਾਅਦ ਤੂਸ਼ਾਰ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਜਾਵੇਗੀ।

ਇਸ ਦਰਮਿਆਨ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਸ਼ੁੱਕਰਵਾਰ ਨੂੰ ਕਰਾਵਲ ਨਗਰ ਚੌਰਾਹੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ। ਕਰਾਵਲ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਪਿਲ ਮਿਸ਼ਰਾ ਨੇ ਕਿਹਾ ਹੈ ਕਿ ਉਹ ਪੂਰੀ ਸਥਿਤੀ 'ਤੇ ਨਜ਼ਰ ਰੱਖੇ ਹੋਏ ਹਨ, ਪੁਲਿਸ ਅਤੇ ਹਸਪਤਾਲ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ 'ਚ ਹਨ।