ਹੁਣ ਹਵਾਈ ਜਹਾਜ 'ਚ ਵੀ ਕਾਲ ਅਤੇ ਇੰਟਰਨੈੱਟ ਦੀ ਵਰਤੋਂ ਕਰਨਾ ਹੋਵੇਗਾ ਸੰਭਵ

ਤਕਨਾਲੋਜੀ ਦੇ ਇਸ ਜ਼ਮਾਨੇ 'ਚ ਸਾਡੇ ਲਈ ਹਰ ਕੰਮ ਸੌਖਾਲਾ ਹੋ ਗਿਆ ਹੈ। ਮੋਬਾਇਲ ਫੋਨ ਸਾਡੇ ਸਾਰਿਆਂ ਲਈ ਇਕ ਵੱਡੀ ਜ਼ਰੂਰਤ ਬਣ ਗਈ ਹੈ, ਜਿਸ ਤੋਂ ਬਿਨਾਂ ਸਾਡੇ ਸਾਰੇ ਕੰਮ ਅਧੂਰੇ ਹਨ। ਅੱਜ ਹਰ ਮਨੁੱਖ ਇੰਟਰਨੈੱਟ ਨਾਲ ਜੁੜਿਆ ਹੈ। ਜਿਸ ਨੂੰ ਧਿਆਨ 'ਚ ਰੱਖਦੇ ਹੋਏ ਭਾਰਤ ਦੇ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ।

ਟਰਾਈ ਨੇ ਹਵਾਈ ਸਫਰ ਦੌਰਾਨ ਮੋਬਾਇਲ ਫੋਨ ਅਤੇ ਇੰਟਰਨੈੱਟ ਸੇਵਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਰਾਈ ਮੁਤਾਬਕ ਤਕਰੀਬਨ ਭਾਰਤੀ ਹਵਾਈ ਸੇਵਾ 'ਚ 3,000 ਮੀਟਰ ਉੱਚੇ ਉਡਦੇ ਜਹਾਜ਼ 'ਚ ਯਾਤਰੀ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ। ਟਰਾਈ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਮੁੱਦੇ 'ਤੇ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਹੈ।

ਭਾਰਤੀ ਹਵਾਈ ਖੇਤਰ ਵਿਚ ਮੋਬਾਇਲ ਕਮਿਊਨਿਕੇਸ਼ਨ ਸਰਵਿਸ ਆਨ ਬੋਰਡ ਏਅਰਕ੍ਰਾਫਟ (ਐੱਮ. ਸੀ. ਏ.) ਨਾਮੀ ਖਾਸ ਤਕਨੀਕ ਦੀ ਮਦਦ ਨਾਲ ਜਹਾਜ਼ 'ਚ ਮੋਬਾਈਲ ਤੋਂ ਕਾਲ ਜਾਂ ਇੰਟਰਨੈੱਟ ਦੀ ਵਰਤੋਂ ਕਰਨਾ ਆਸਾਨ ਹੋ ਗਿਆ ਹੈ। ਟਰਾਈ ਨੇ ਇਹ ਵੀ ਕਿਹਾ ਕਿ ਉਡਾਣ 'ਚ ਵਾਈ-ਫਾਈ ਜ਼ਰੀਏ ਇੰਟਰਨੈੱਟ ਸੇਵਾ ਉਦੋਂ ਦਿੱਤੀ ਜਾਣੀ ਚਾਹੀਦੀ ਹੈ। 

 ਜਦੋਂ ਇਲੈਕਟ੍ਰਾਨਿਕ ਡਿਵਾਈਸ ਫਲਾਈਟ ਮੋਡ 'ਤੇ ਹੋਵੇ। ਇਸ ਦੇ ਨਾਲ ਹੀ ਇਸ ਬਾਰੇ ਐਲਾਨ ਉਦੋਂ ਕੀਤਾ ਜਾਣਾ ਚਾਹੀਦਾ ਹੈ, ਜਦੋਂ ਸਾਰੇ ਯਾਤਰੀ ਜਹਾਜ਼ ਵਿਚ ਸਵਾੱਰ ਹੋ ਜਾਣ ਅਤੇ ਉਡਾਣ ਭਰਨ ਲਈ ਤਿਆਰ ਹੋਣ।