ਹੁਣ ਨਹੀਂ ਹੋਵੇਗਾ ਆਧਾਰ ਡਾਟਾ ਚੋਰੀ ਦਾ ਡਰ , ਸਰਕਾਰ ਨੇ ਬਣਾਇਆ ਇਹ ਪਲੈਨ

ਖਾਸ ਖ਼ਬਰਾਂ

ਆਧਾਰ ਡਾਟਾ ਦੀ ਦੁਰਵਰਤੋਂ ਅਤੇ ਡਾਟਾ ਲੀਕ ਹੋਣ ਦੀਆਂ ਖਬਰਾਂ ਵਿਚਕਾਰ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ। ਹੁਣ ਪਛਾਣ ਲਈ 12 ਅੰਕਾਂ ਦੇ ਆਧਾਰ ਨੰਬਰ ਦੀ ਬਜਾਏ 16 ਅੰਕਾਂ ਦੀ ਇਕ ਨਵੀਂ ਵਰਚੁਅਲ ਆਈ. ਡੀ. ਦਾ ਇਸਤੇਮਾਲ ਹੋਵੇਗਾ। ਸੂਤਰਾਂ ਮੁਤਾਬਕ ਇਹ ਆਧਾਰ ਕੇ. ਵਾਈ. ਸੀ. ਦੀ ਜਗ੍ਹਾ ਲਵੇਗਾ। ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਨੇ ਬੁੱਧਵਾਰ ਨੂੰ ਦੋ-ਪੱਧਰ ਦਾ ਇਕ ਸੁਰੱਖਿਆ ਨੈਟ ਤਿਆਰ ਕੀਤਾ ਹੈ। 

ਇਸ ਤਹਿਤ ਹਰ ਸ਼ਖਸ ਦੀ ਇਕ ਵਰਚੁਅਲ ਆਈ. ਡੀ. ਬਣਾਈ ਜਾਵੇਗੀ ਅਤੇ ਆਧਾਰ ਆਧਾਰਿਤ ਕੇ. ਵਾਈ. ਸੀ. ਨੂੰ ਸੀਮਤ ਕੀਤਾ ਜਾਵੇਗਾ। ਇਹ ਵਰਚੁਅਲ ਆਈ. ਡੀ. ਪ੍ਰਮਾਣੀਕਰਨ ਦੇ ਸਮੇਂ ਤੁਹਾਡੇ ਆਧਾਰ ਨੰਬਰ ਨੂੰ ਸਾਂਝਾ ਕਰਨ ਦੀ ਕਿਸੇ ਵੀ ਲੋੜ ਨੂੰ ਖਤਮ ਕਰ ਦੇਵੇਗੀ, ਯਾਨੀ ਤੁਹਾਡੇ ਆਧਾਰ ਨੰਬਰ ਦੀ ਬਜਾਏ ਪ੍ਰਮਾਣਿਕਤਾ ਲਈ ਇਹ ਨੰਬਰ ਵਰਤਿਆ ਜਾਵੇਗਾ। ਇਸ ਨੰਬਰ ਦੇ ਆਧਾਰ 'ਤੇ ਤੁਹਾਡੇ ਆਧਾਰ ਕਾਰਡ ਦੀ ਜਾਣਕਾਰੀ ਨੂੰ ਲੱਭਣਾ ਸੰਭਵ ਨਹੀਂ ਹੋਵੇਗਾ। ਸਾਰੀਆਂ ਏਜੰਸੀਆਂ 1 ਜੂਨ ਤਕ ਇਸ ਸਿਸਟਮ ਨੂੰ ਅਪਣਾ ਲੈਣਗੀਆਂ।

ਵਰਚੁਅਲ ਆਈ. ਡੀ. ਮਿਲਣ 'ਤੇ ਤੁਹਾਨੂੰ ਕਿਤੇ ਵੀ ਵੈਰੀਫਿਕੇਸ਼ਨ (ਪ੍ਰਮਾਣੀਕਰਨ) ਲਈ ਆਧਾਰ ਨੰਬਰ ਦੀ ਜ਼ਰੂਰਤ ਨਹੀਂ ਹੋਵੇਗੀ, ਯਾਨੀ ਜਿੱਥੇ ਤੁਸੀਂ ਵੈਰੀਫਿਕੇਸ਼ਨ ਲਈ ਆਧਾਰ ਦਾ ਇਸਤੇਮਾਲ ਕਰਦੇ ਸੀ ਹੁਣ ਉੱਥੇ ਵਰਚੁਅਲ ਆਈ. ਡੀ. ਵਰਤੀ ਜਾਵੇਗੀ। 

ਵਰਚੁਅਲ ਆਈ. ਡੀ. ਕੰਪਿਊਟਰ ਦੁਆਰਾ ਬਣਾਇਆ ਗਿਆ ਨੰਬਰ ਹੋਵੇਗਾ, ਜੋ ਤੁਹਾਡੇ ਨਾਲ ਜੁੜਿਆ ਹੋਵੇਗਾ। ਜ਼ਿਕਰਯੋਗ ਹੈ ਕਿ ਸਿਰਫ ਇਕ ਦਿਨ ਪਹਿਲਾਂ ਹੀ ਰਿਜ਼ਰਵ ਬੈਂਕ ਦੇ ਸਹਿਯੋਗ ਨਾਲ ਤਿਆਰ ਹੋਏ ਰਿਸਰਚ ਨੋਟ 'ਚ ਆਧਾਰ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ ਸੀ।ਕੇਂਦਰੀ ਬੈਂਕ ਨਾਲ ਜੁੜੇ ਇਕ ਸਮੂਹ ਨੇ ਕਿਹਾ ਸੀ ਕਿ ਅੱਜ ਆਧਾਰ ਡਾਟਾ ਸਾਈਬਰ ਅਪਰਾਧੀਆਂ ਲਈ ਇਕ ਬੱਤਖ ਦੀ ਤਰ੍ਹਾਂ ਹੈ।

ਉੱਥੇ ਹੀ ਕੁਝ ਦਿਨ ਪਹਿਲਾਂ ਇਕ ਅਖਬਾਰ ਨੇ ਵੀ ਇਹ ਦਾਅਵਾ ਕੀਤਾ ਸੀ ਕਿ 500 ਰੁਪਏ 'ਚ ਆਧਾਰ ਡਾਟਾ ਲੀਕ ਕੀਤਾ ਜਾ ਰਿਹਾ ਹੈ। ਹਾਲਾਂਕਿ ਯੂ. ਆਈ. ਡੀ. ਏ. ਆਈ. ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਸੀ। ਅਥਾਰਟੀ ਨੇ ਕਿਹਾ ਸੀ ਕਿ ਉਸ ਦਾ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਦੀ ਦੁਰਵਰਤੋਂ ਨੂੰ ਤੁਰੰਤ ਫੜਿਆ ਜਾ ਸਕਦਾ ਹੈ।