ਐਸ.ਏ.ਐਸ. ਨਗਰ, 20 ਜਨਵਰੀ (ਪ੍ਰਭਸਿਮਰਨ ਸਿੰਘ ਘੱਗਾ) : ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿਚ ਕੈਨੇਡਾ, ਇੰਗਲੈਂਡ ਅਤੇ ਆਇਰਲੈਂਡ ਅਠਾਰਾਂ ਦੇ ਕਰੀਬ ਐਨ.ਆਰ.ਆਈ. ਲੋਕਾਂ ਦੁਆਰਾ ਵਿਦੇਸ਼ਾਂ ਵਿਚ ਬਣਾਈ ਗਈ ਜਾਇਦਾਦ ਅਤੇ ਪੈਸੇ ਦੀ ਹੁਣ ਈ.ਡੀ. ਦੁਆਰਾ ਜਾਂਚ ਕੀਤੀ ਜਾਵੇਗੀ। ਈ.ਡੀ. ਵਲੋਂ ਦਰਜ ਕੀਤੀ ਗਈ ਅਰਜ਼ੀ ਨੂੰ ਅਦਾਲਤ ਵਲੋਂ ਪ੍ਰਵਾਨਗੀ ਮਿਲ ਗਈ ਹੈ। ਇਸ ਤੋਂ ਬਾਅਦ ਹੁਣ ਈ.ਡੀ. ਵਲੋਂ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਰਾਹੀਂ ਕਾਰਵਾਈ ਕੀਤੀ ਜਾਵੇਗੀ। ਈ.ਡੀ. ਕੋਲ ਉਕਤ ਲੋਕਾਂ ਦੀ ਸੰਪਤੀ ਅਤੇ ਬੈਂਕ ਖਾਤੀਆਂ ਦਾ ਸਾਰਾ ਰੀਕਾਰਡ ਹੈ, ਜੋ ਉਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਇਹ ਸਾਰੀ ਕਾਰਵਾਈ ਭਾਰਤ ਸਰਕਾਰ ਦੇ ਮਾਧਿਅਮ ਨਾਲ ਹੋਵੇਗੀ। ਈ.ਡੀ. ਦੀ ਕੋਸ਼ਿਸ਼ ਇਹ ਹੈ ਕਿ ਉਕਤ ਲੋਕਾਂ ਦੀ ਜਾਣਕਾਰੀ ਲੈ ਕੇ ਈ.ਡੀ. ਉਨ੍ਹਾਂ ਦੀ ਜ਼ਾਇਦਾਦ ਅਤੇ ਬੈਂਕ ਖਾਤੀਆਂ ਨੂੰ ਸੀਲ ਕਰ ਦਿਤਾ ਜਾਵੇ ਹਾਲਾਂਕਿ ਉਕਤ ਅਠਾਰਾਂ ਐਨ.ਆਰ.ਆਈਜ਼, ਵਿਚੋਂ ਕੁੱਝ ਐਨ.ਆਰ.ਆਈ. ਹੁਣ ਪੰਜਾਬ ਦੀਆਂ ਜ਼ੇਲ੍ਹਾ ਵਿਚ ਵੀ ਬੰਦ ਹਨ।ਜਾਣਕਾਰੀ ਅਨੁਸਾਰ ਈ.ਡੀ. ਵਲੋਂ ਦਰਜ ਕੀਤੀ ਗਈ ਮੰਗ ਵਿਚ ਉਕਤ ਲੋਕਾਂ ਦੇ ਬਾਕਾਇਦਾ ਪਤੇ ਅਤੇ ਬੈਂਕ ਖਾਤੀਆਂ ਦੀ ਜਾਣਕਾਰੀ ਦਿਤੀ ਗਈ ਹੈ। ਇਨ੍ਹਾਂ ਵਿਚ ਸੱਭ ਤੋਂ ਪ੍ਰਮੁੱਖ ਕੈਨੇਡਾ ਵਿਚ ਰਹਿਣ ਵਾਲਾ ਸਾਬਕਾ ਕੈਬਨਿਟ ਮੰਤਰੀ ਦਾ ਕਰੀਬੀ ਸਤਪ੍ਰੀਤ ਸਿੰਘ ਸੱਤਾ ਵੀ ਸ਼ਾਮਲ ਹੈ। ਇਸੇ ਤਰ੍ਹਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਪਰਮਿੰਦਰ ਸਿੰਘ ਦਿਉਲ ਉਰਫ਼ ਪਿੰਦੀ ਅਤੇ ਅਨੂਪ ਸਿੰਘ ਕਾਹਲੋਂ ਵਾਸੀ ਬ੍ਰਿਟਿਸ਼ ਕੋਲੰਬੀਆ ਦਾ ਹੈ। ਕਾਹਲੋਂ ਨਸ਼ਾ ਤਸਕਰੀ ਦੇ ਦੋਸ਼ ਵਿਚ ਪੰਜਾਬ ਦੀ ਜੇਲ ਵਿਚ ਬੰਦ ਹੈ। ਇਸ ਦੇ ਉਥੇ ਛੇ ਦੇ ਕਰੀਬ ਘਰ ਹਨ, ਨਾਲ ਹੀ ਅੱਠ ਬੈਂਕ ਖਾਤੇ ਹਨ ਜਿਨ੍ਹਾਂ ਦੀ ਸਾਰੀ ਜਾਣਕਾਰੀ ਮੰਗੀ ਗਈ ਹੈ ਅਤੇ ਨਾਲ ਹੀ ਈ.ਡੀ. ਨੇ ਉਸ ਦੀ ਪਤਨੀ ਬਾਰੇ ਵੀ ਜਾਣਕਾਰੀ
ਮੰਗੀ ਹੈ। ਇਸੇ ਤਰ੍ਹਾਂ ਸੁਖਰਾਜ ਸਿੰਘ ਰਾਜਾ ਕੈਨੇਡਾ ਵਾਸੀ ਬਾਰੇ ਪੁਛਿਆ ਗਿਆ ਹੈ। ਉਸ ਦੇ ਉਥੇ ਤਿੰਨ ਘਰ ਅਤੇ ਤਿੰਨ ਬੈਂਕ ਖਾਤੇ ਹਨ। ਇਸ ਤਰ੍ਹਾਂ ਬਰੈਂਪਟਨ ਦੇ ਰਹਿਣ ਵਾਲੇ ਨਿਰੰਕਾਰ ਸਿੰਘ ਢਿੱਲੋਂ ਉਰਫ਼ ਨੌਰੰਗ ਸ਼ਾਮਲ ਹੈ। ਈ.ਡੀ. ਨੇ 2007 ਤੋਂ 2014 ਤਕ ਦਾ ਉਨ੍ਹਾਂ ਦਾ ਸਾਰਾ ਰੀਕਾਰਡ ਮੰਗਿਆ ਹੈ। ਲਖਵਿੰਦਰ ਸਿੰਘ ਵਾਸੀ ਬ੍ਰਿਟਿਸ਼ ਕੋਲੰਬੀਆ ਵੀ ਨਸ਼ਾ ਤਸਕਰੀ ਕੇਸ ਵਿਚ ਭਗੌੜਾ ਚਲ ਰਿਹਾ ਹੈ। ਰਣਜੀਤ ਸਿੰਘ ਔਜਲਾ ਉਰਫ਼ ਦਾਰਾ ਸਿੰਘ ਵਾਸੀ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਹੈ। ਇਹ ਵੀ ਨਸ਼ਾ ਤਸਕਰੀ ਕੇਸ ਵਿਚ ਭਗੌੜਾ ਹੈ। ਅਮਰਜੀਤ ਸਿੰਘ ਕੂਨਰ ਵੈਨਕੁਵਰ 2013 ਤੋਂ ਭਗੌੜਾ ਚੱਲ ਰਿਹਾ ਹੈ। ਪ੍ਰਮੋਦ ਸ਼ਰਮਾ ਉਰਫ਼ ਟੋਨੀ ਦੀ ਕੈਨੇਡਾ ਵਿਚ ਰਹਿੰਦਾ ਹੈ। ਉਸ ਦੇ ਤਿੰਨ ਘਰ ਅਤੇ ਚਾਰ ਬੈਂਕ ਖਾਤੇ ਹਨ। ਸਰੀ ਦਾ ਰਹਿਣ ਵਾਲਾ ਪ੍ਰਦੀਪ ਸਿੰਘ ਧਾਲੀਵਾਲ ਦਾ ਵੀ ਇਸ ਲਿਸਟ ਵਿਚ ਨਾਂ ਹੈ। ਇਹ ਵੀ ਭਗੌੜਾ ਚਲ ਰਿਹਾ ਹੈ। ਦਵਿੰਦਰ ਸਿੰਘ ਨਿਰਵਾਲ ਬਰੈਂਪਟਨ ਅਤੇ ਉਸ ਦਾ ਪੁੱਤਰ ਬਹਾਦੁਰ ਨਿਰਵਾਲ ਅਤੇ ਉਂਟਾਰੀਓ ਦਾ ਰਹਿਣ ਵਾਲਾ ਹਰਮਿੰਦਰ ਸਿੰਘ ਸ਼ਾਮਲ ਹੈ।
ਇਸੇ ਤਰ੍ਹਾਂ ਇਗਲੈਂਡ ਵਿਚ ਰਹਿਣ ਵਾਲੇ ਮਦਨ ਲਾਲ ਅਤੇ ਕੁਲਵੰਤ ਦੀ ਸਾਰੀ ਜਾਇਦਾਦ ਸਬੰਧੀ ਜਾਣਕਾਰੀ ਮੰਗੀ ਗਈ ਹੈ। ਇਸੇ ਤਰ੍ਹਾਂ ਵੈਲਹੈਂਪਟਨ ਦੇ ਮਦਨ ਲਾਲ ਅਤੇ ਕੁਲਵੰਤ ਸਿੰਘ ਉਰਫ਼ ਕੰਤੀ ਸ਼ਾਮਲ ਵੀ ਹੈ। ਜ਼ਿਕਰਯੋਗ ਹੈ ਕਿ ਈ.ਡੀ. ਦੁਆਰਾ ਉਕਤ ਕੇਸ ਵਿਚ ਉਸੇ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ ਜਿਵੇਂ ਪਰਲ ਗਰੁੱਪ ਦੀਆਂ ਕਰੋੜਾਂ ਰੁਪਏ ਦੀ ਜਾਇਦਾਦ ਵਿਦੇਸ਼ਾਂ ਵਿਚ ਜਬਤ ਕੀਤੀ ਗਈ ਹੈ।