ਨਵੀਂ ਦਿੱਲੀ— ਦੇਸ਼ ਭਰ 'ਚ 27 ਦਸੰਬਰ ਨੂੰ ਬੈਂਕਾਂ ਦੇ ਕੁਝ ਸੰਗਠਨ ਹੜਤਾਲ 'ਤੇ ਜਾ ਸਕਦੇ ਹਨ। ਬੈਂਕ ਸੰਗਠਨਾਂ ਨੇ ਕਈ ਮੁੱਦਿਆਂ ਨੂੰ ਲੈ ਕੇ ਹੜਤਾਲ ਦਾ ਨੋਟਿਸ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ 'ਚ ਪ੍ਰਮੁੱਖ ਤੌਰ 'ਤੇ ਆਈ. ਡੀ. ਬੀ. ਆਈ. ਬੈਂਕ ਦਾ ਮੁੱਦਾ ਹੈ, ਜਿਸ ਦੇ ਕਰਮਚਾਰੀਆਂ ਲਈ ਨਵੰਬਰ 2012 'ਚ ਸੋਧੇ ਤਨਖਾਹ ਸਕੇਲ ਹੁਣ ਤਕ ਲਾਗੂ ਨਹੀਂ ਹੋਏ ਹਨ।
ਇਸ ਨੂੰ ਜਲਦ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਆਈ. ਡੀ. ਬੀ. ਆਈ. ਬੈਂਕ ਦੇ ਸਮਰਥਨ 'ਚ ਬੈਂਕ ਸੰਗਠਨਾਂ ਦੇ ਇਕ ਧੜੇ ਨੇ 27 ਦਸੰਬਰ ਨੂੰ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਹੈ। ਹੜਤਾਲ ਦੇ ਹੋਰ ਮੁੱਖ ਮੁੱਦਿਆਂ 'ਚ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਬਕਾਏ ਕਰਜ਼ੇ ਦੀ ਵਸੂਲੀ ਕਰਨ ਅਤੇ ਫਸੇ ਕਰਜ਼ਿਆਂ ਲਈ ਜਿੰਮੇਵਾਰ ਉੱਚ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੀ ਮੰਗ ਸ਼ਾਮਿਲ ਹੈ।
ਇੰਨਾ ਲੰਬਾ ਸਮਾਂ ਬੀਤ ਜਾਣ ਦੇ ਬਾਅਦ ਵੀ ਸਮੱਸਿਆ ਦਾ ਹੱਲ ਨਹੀਂ ਹੋਣ ਕਾਰਨ ਇਨ੍ਹਾਂ ਬੈਂਕ ਕਰਮਚਾਰੀਆਂ ਦੇ ਸਮਰਥਨ 'ਚ ਹੜਤਾਲ ਦਾ ਫੈਸਲਾ ਕੀਤਾ ਗਿਆ ਹੈ।ਜਾਣਕਾਰੀ ਮੁਤਾਬਕ ਇਸ ਹੜਤਾਲ ਦੇ ਖਦਸ਼ੇ ਕਾਰਨ ਭਾਰਤੀ ਸਟੇਟ ਬੈਂਕ, ਵਿਜਯਾ ਬੈਂਕ ਸਮੇਤ ਕਈ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਅਸੁਵਿਧਾ ਹੋ ਸਕਣ ਬਾਰੇ ਸੂਚਤ ਵੀ ਕੀਤਾ ਹੈ। ਉੱਥੇ ਹੀ, ਵੈਂਕਟਚਲਮ ਮੁਤਾਬਕ ਮੁੱਖ ਕਿਰਤ ਕਮਿਸ਼ਨਰ ਨੇ 20 ਦਸੰਬਰ ਨੂੰ ਗੱਲਬਾਤ ਜ਼ਰੀਏ ਹੱਲ ਕੱਢਣ ਲਈ ਬੈਠਕ ਬੁਲਾਈ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਆਈ. ਬੀ. ਏ. ਅਤੇ ਬੈਂਕ ਪ੍ਰਬੰਧਨ ਵੱਲੋਂ ਠੋਸ ਜਵਾਬ ਨਾ ਮਿਲਿਆ ਤਾਂ ਸੰਗਠਨ ਹੜਤਾਲ 'ਤੇ ਜਾਣ ਲਈ ਮਜ਼ਬੂਰ ਹੋਣਗੇ। ਹਾਲਾਂਕਿ ਇਸ 'ਤੇ ਭਾਰਤੀ ਸਟੇਟ ਬੈਂਕ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਹੜਤਾਲ ਏ. ਆਈ. ਬੀ. ਈ. ਏ. ਜਾਂ ਏ. ਆਈ. ਬੀ. ਓ. ਏ. ਵੱਲੋਂ ਸੱਦੀ ਗਈ ਹੈ, ਜਿਸ ਦੇ ਮੈਂਬਰ ਸਾਡੀ ਬੈਂਕ 'ਚ ਕੁਝ ਇਲਾਕਿਆਂ 'ਚ ਹਨ। ਲਿਹਾਜਾ ਇਸ ਦਾ ਐੱਸ. ਬੀ. ਆਈ. 'ਤੇ ਜ਼ਿਆਦਾ ਅਸਰ ਨਾ ਹੋਣ ਦੀ ਸੰਭਾਵਨਾ ਹੈ।