ਇਸ ਨੌਜ਼ਵਾਨ ਨੇ ਚੁੱਕਿਆ ਬੀੜਾ, ਕਿਸੇ ਮਾਂ ਦਾ ਪੁੱਤ ਨਾ ਬਣੇ ਗੈਂਗਸਟਰ

ਬਠਿੰਡਾ: ਲੱਚਰ ਗੀਤ ਗਾਉਣ ਵਾਲੇ ਗਾਇਕਾਂ ਖਿਲਾਫ਼ ਮਾਲਵੇ ਤੋਂ ਬੁਲੰਦ ਆਵਾਜ਼ ਉੱਠੀ ਹੈ। ਬਠਿੰਡਾ ਦੇ ਪਿੰਡ ਭਗਤਾ ਭਾਈਕਾ ਦਾ ਇਹ ਨੌਜਵਾਨ ਪੱਪਾ ਸਿੰਘ ਲੱਚਰ ਗਾਇਕੀ ਵਿਰੁੱਧ ਇੱਕਲਾ ਹੀ ਮੈਦਾਨ 'ਚ ਨਿੱਤਰ ਆਇਆ ਹੈ। ਪੱਪਾ ਸਿੰਘ ਨੇ ਗਲੇ 'ਚ ਸਲੋਗਨ ਵਾਲਾ ਕੁੜਤਾ ਬਣਾ ਕੇ ਪਾਇਆ ਹੈ, ਜਿਸ 'ਤੇ ਲੱਚਰਤਾ, ਗੁੰਡਾਗਰਦੀ ਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੀ ਗਾਇਕੀ ਖਿਲਾਫ਼ ਨਾਅਰੇ ਲਿਖੇ ਹਨ। ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦਾ ਫਿਕਰ ਦਿਲ 'ਚ ਲੈ ਕੇ ਨਿੱਕਲਿਆ ਇਹ ਨੌਜਵਾਨ ਇਲਾਕੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਵਿੱਚ ਜਾ ਕੇ ਬਿਨਾ ਕੁਝ ਕਹੇ ਤੋਂ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਾ ਹੈ। 

ਜਾਗਰੂਕਤਾ ਦੇ ਸੁਨੇਹੇ ਵੰਡਦੇ ਪੱਪਾ ਸਿੰਘ ਨੂੰ ਕਈ ਨੌਜਵਾਨ ਆ ਕੇ ਮਿਲਦੇ ਹਨ ਤੇ ਸਵਾਲ ਵੀ ਕਰਦੇ ਨੇ ਕਈ ਪ੍ਰਸ਼ੰਸਾ ਵੀ ਕਰਦੇ ਹਨ। ਪੱਪਾ ਸਿੰਘ ਮੁਤਾਬਕ ਨਵੇਂ ਕਲਾਕਾਰ ਸੁਰਖੀਆਂ ਬਟੋਰਨ ਲਈ ਗੀਤਾਂ 'ਚ ਲੱਚਰਤਾ ਤੇ ਹਥਿਆਰਾਂ ਦੀ ਗੱਲ ਕਰਦੇ ਹਨ। ਇਸ ਦਾ ਨੌਜਵਾਨ ਪੀੜ੍ਹੀ 'ਤੇ ਬੇਹੱਦ ਗਲਤ ਤੇ ਮਾਰੂ ਪ੍ਰਭਾਵ ਪੈਂਦਾ ਹੈ, ਜਿਸ ਅੱਜ ਦਾ ਨੌਜਵਾਨ ਗੈਂਗਸਟਰ ਬਣ ਰਿਹਾ ਹੈ। 

ਲੱਚਰ ਤੇ ਹਥਿਆਰਾਂ ਵਾਲੀ ਗਾਇਕੀ ਦੇ ਖ਼ਿਲਾਫ਼ ਡਟਿਆ ਇਹ ਨੌਜਵਾਨ ਘਰੋਂ ਤਾਂ ਇਕੱਲਿਆ ਹੀ ਤੁਰਿਆ, ਰਾਹ ਵਿੱਚ ਮੋਢੇ ਨਾਲ ਮੋਢਾ ਜੋੜਨ ਵਾਲੇ ਕਈ ਲੋਕ ਮਿਲਦੇ ਗਏ।ਵੱਖ-ਵੱਖ ਜਥੇਬੰਦੀਆਂ ਵੱਲੋਂ ਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਅਕਸਰ ਹੀ ਪੰਜਾਬੀ ਗਾਇਕੀ ਵਿੱਚ ਆ ਰਹੇ ਨਿਘਾਰ ਬਾਰੇ ਗੱਲ ਕੀਤੀ ਜਾਂਦੀ ਹੈ। 

ਹੁਣ ਪੰਜਾਬ ਪੁਲਿਸ ਨੇ ਵੀ ਗੈਂਗਸਟਰਾਂ ਦੀ ਘਰ ਵਾਪਸੀ ਤੇ ਨੌਜਵਾਨਾਂ ਦੀ ਜਵਾਨੀ ਬਚਾਉਣ ਲਈ ਲੱਚਰ ਤੇ ਹਥਿਅਰਾਂ ਵਾਲਾ ਸੰਗੀਤ ਰੋਕਣ ਲਈ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ। ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜੋ ਲੋਕਾਂ ਨੂੰ ਅਸਲੀਅਤ ਬਾਰੇ ਜਾਣੂ ਕਰਾਉਂਦਾ ਹੈ। 

ਹਰ ਕਲਾਕਾਰ ਦਾ ਫਰਜ਼ ਬਣਦਾ ਕਿ ਪੰਜਾਬ ਮਾਂ ਬੋਲੀ ਦੀ ਸੇਵਾ ਕਰਦਿਆਂ ਸਾਫ ਸੁਥਰਾ ਸੰਗੀਤ ਸਮਾਜ ਮੂਹਰੇ ਪੇਸ਼ ਕਰੇ। ਮੀਡੀਆ ਰਿਪੋਰਟ ਦਾ ਮਕਸਦ ਕਿਸੇ ਗਾਇਕ ਜਾ ਗੀਤਕਾਰ ਦੀ ਗਾਇਕੀ ਜਾਂ ਗੀਤਕਾਰੀ ਤੇ ਸਵਾਲ ਚੁੱਕਣਾ ਨਹੀਂ ਹੈ ਬਲਕਿ ਸੱਚ ਨੂੰ ਜਨਤਾ ਸਾਹਮਣੇ ਪੇਸ਼ ਕਰਨਾ ਹੈ।