ਇਸ ਪ੍ਰੇਮੀ ਜੋੜੇ ਨੇ ਜਦ 11 ਰੁਪਏ 'ਚ ਕਰਵਾਇਆ ਸਾਦਾ ਵਿਆਹ...

ਖਾਸ ਖ਼ਬਰਾਂ

ਨਾਭਾ- ਇਹ ਸਭ ਜਾਣਦੇ ਹਨ ਕਿ ਸੱਚੇ ਪਿਆਰ ਨੂੰ ਕੋਈ ਸਰਹੱਦ ਜਾਂ ਸੀਮਾ ਨਹੀਂ ਰੋਕ ਸਕਦੀ। ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਸਰਹੱਦਾਂ ਪਿਆਰ ਅੱਗੇ ਕੁੱਝ ਨਹੀਂ ਕਰ ਸਕਦੀਆਂ। ਇਸ ਦੀ ਤਾਜ਼ਾ ਮਿਸਾਲ ਰਿਆਸਤੀ ਸ਼ਹਿਰ ਨਾਭਾ ਵਿਖੇ ਵੇਖਣ ਨੂੰ ਮਿਲੀ। ਦੱਸ ਦਈਏ ਕਿ ਸ਼ਹਿਰ ਦੇ ਜਾਹਿਦ ਅਲੀ ਅਤੇ ਅਫਗਾਨਿਸਤਾਨ ਦੇ ਕਾਬੁਲ ਦੀ ਲੜਕੀ ਨਬੀਜ਼ਾਦਾ ਫਰਿਸ਼ਤਾ ਨੇ ਬਿਲਕੁੱਲ ਸਾਦੇ ਢੰਗ ਨਾਲ ਵਿਆਹ ਕਰਕੇ ਸਮੁੱਚੇ ਮੁਸਲਿਮ ਭਾਈਚਾਰੇ ਤੋਂ ਇਲਾਵਾ ਹਰ ਧਰਮ ਨੂੰ ਨਵੀਂ ਸੇਧ ਦਿੱਤੀ ਹੈ। 

ਜਾਣਕਾਰੀ ਮੁਤਾਬਿਕ ਜਾਹਿਦ ਅਲੀ ਨਿਕਾਹ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਿਆ। ਜਾਹਿਦ ਅਲੀ ਨੇ ਦੱਸਿਆ ਕਿ ਜਦੋਂ ਉਹ ਇੰਗਲੈਂਡ ਤੋਂ ਵਾਪਸ ਆ ਰਿਹਾ ਸੀ ਤਾਂ ਦਿੱਲੀ ਏਅਰਪੋਰਟ 'ਤੇ ਉਸ ਦਾ ਅਫਗਾਨਿਸਤਾਨ ਵਾਸੀ ਨਬੀਜ਼ਾਦਾ ਫਰਿਸ਼ਤਾ ਨਾਲ ਪਿਆਰ ਹੋ ਗਿਆ। ਇਹ ਪਿਆਰ ਥੋੜ੍ਹੇ ਸਮੇਂ ਬਾਅਦ ਹੀ ਵਿਆਹ ਦੇ ਬੰਧਨ ਵਿਚ ਬੰਨ੍ਹਿਆ ਗਿਆ। 

ਉਸ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਨਬੀਜ਼ਾਦਾ ਫਰਿਸ਼ਤਾ ਦੇ ਮਾਤਾ-ਪਿਤਾ ਨਾਲ ਗੱਲਬਾਤ ਕੀਤੀ ਤਾਂ ਉਹ ਵਿਆਹ ਲਈ ਤਿਆਰ ਹੋ ਗਏ ਅਤੇ ਆਪਣੀ ਲੜਕੀ ਨੂੰ ਨਾਭਾ ਵਿਖੇ ਭੇਜ ਦਿੱਤਾ। ਉਨ੍ਹਾਂ ਵੱਲੋਂ ਇਕ ਪੇਪਰ 'ਤੇ ਲਿਖਤੀ ਰੂਪ ਵਿਚ ਸਹਿਮਤੀ ਵੀ ਪ੍ਰਗਟਾਈ ਗਈ। ਇਸ ਤੋਂ ਬਾਅਦ ਇਹ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਸਿਰਫ 11 ਰੁਪਏ ਵਿਚ ਕੀਤਾ ਗਿਆ। ਇਹ ਰੁਪਏ ਵੀ ਜਾਹਿਦ ਅਲੀ ਦੇ ਮਾਤਾ-ਪਿਤਾ ਵੱਲੋਂ ਆਪਣੇ ਕੋਲੋਂ ਦੇ ਕੇ ਲੜਕੀ ਦੀ ਝੋਲੀ ਵਿਚ ਪਾਏ ਗਏ।

ਜਾਹਿਦ ਅਲੀ ਨੇ ਕਿਹਾ ਕਿ ਉਹ ਸਾਦਾ ਵਿਆਹ ਕਰਕੇ ਬੇਹੱਦ ਖੁਸ਼ ਹੈ। ਉਸ ਦੀ ਦਿਲੀ ਤਮੰਨਾ ਸੀ ਕਿ ਉਹ ਆਪਣਾ ਵਿਆਹ ਬਿਲਕੁਲ ਸਾਦੇ ਢੰਗ ਨਾਲ ਕਰੇ। ਇਸ ਵਿਆਹ ਦੇ ਨਾਲ ਭਾਰਤ ਅਤੇ ਅਫਗਾਨਿਸਤਾਨ ਦੇ ਰਿਸ਼ਤੇ ਵੀ ਮਜ਼ਬੂਤ ਹੋਣਗੇ। ਇਸ ਸਬੰਧੀ ਅਫਗਾਨਿਸਤਾਨ ਤੋਂ ਆਈ ਲਾੜੀ ਨਬੀਜ਼ਾਦਾ ਫਰਿਸ਼ਤਾ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਉਸ ਨੇ ਆਪਣੇ ਮਾਤਾ-ਪਿਤਾ ਦੀ ਸਹਿਮਤੀ ਨਾਲ ਵਿਆਹ ਕਰਵਾਇਆ ਹੈ।