ਰੋਹਤਕ : ਗੁਰਮੀਤ ਰਾਮ ਰਹੀਮ ਨੂੰ ਫੈਸਲਾ ਸੁਣਾਏ ਜਾਣ ਦੌਰਾਨ ਵਧੇਰੇ ਸਮੇਂ ਤੱਕ ਡੇਰਾ ਮੁਖੀ ਹੱਥ ਜੋੜ ਕੇ ਤਰਸ ਦਾ ਪਾਤਰ ਦਿਖਾਉਣ ਦਾ ਢੌਂਗ ਕਰਦਾ ਰਿਹਾ ਪਰ ਅਦਾਲਤ ‘ਤੇ ਉਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਉਸਨੂੰ ਦੋਵਾਂ ਮਾਮਲਿਆਂ ਵਿਚ ਕੁਲ 20 ਸਾਲ ਦੀ ਸਜ਼ਾ ਦੇਣ ਦਾ ਐਲਾਨ ਕਰ ਦਿੱਤਾ ਗਿਆ। ਗੁਰਮੀਤ ਰਾਮ ਰਹੀਮ ਦੀ ਉਮਰ ਇਸ ਸਮੇਂ 50 ਸਾਲ ਦੇ ਲਗਭਗ ਹੈ। ਉਸਨੂੰ ਕੁਲ 20 ਸਾਲ ਦੀ ਸਜ਼ਾ ਹੋਈ ਹੈ। ਇਸ ਪੱਖੋਂ ਜੇ ਵੇਖਿਆ ਜਾਵੇ ਤਾਂ ਉਹ ਘੱਟੋ-ਘੱਟ 70 ਸਾਲ ਦੀ ਉਮਰ ਤੱਕ 2037 ਸੰਨ ਤੱਕ ਜੇਲ ਦੀਆਂ ਸਲਾਖਾਂ ਪਿੱਛੇ ਹੀ ਰਹੇਗਾ।
ਇਸ ਦੌਰਾਨ ਉਸਨੂੰ 5 ਰੋਟੀਆਂ ਮਿਲਣਗੀਆਂ, 70 ਗ੍ਰਾਮ ਦਾਲ, 230 ਗ੍ਰਾਮ ਸਬਜ਼ੀ ਤੇ ਨਾਸ਼ਤਾ 100 ਗ੍ਰਾਮ ਬ੍ਰੈੱਡ ਅਤੇ ਇਕ ਕੱਪ ਦੁੱਧ ਮਿਲੇਗਾ। 20 ਰੁਪਏ ਮਜ਼ਦੂਰੀ ਮਿਲੇਗੀ। ਇਸ ਤੋਂ ਇਲਾਵਾ ਐਤਵਾਰ ਖੀਰ ਅਤੇ ਤਿਉਹਾਰਾਂ ‘ਚ ਮਠਿਆਈ ਮਿਲੇਗੀ ਤੇ 40 ਰੁਪਏ ਮਜ਼ਦੂਰੀ ਮਿਲ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਰਹੀਮ ਕਿਸੇ ਕੰਮ ‘ਚ ਨਿਪੁੰਨ ਹੋਵੇ। ਇਸਦੇ ਨਾਲ ਹੀ 25 ਰੁਪਏ ਅਧੂਰੇ ਕੰਮ ਦੇ ਵੀ ਮਿਲਣਗੇ।ਹਾਲਾਂਕਿ ਜੇਲ ‘ਚ ਕਬੱਡੀ, ਬਾਸਕਿਟਬਾਲ, ਵਾਲੀਬਾਲ, ਬੈਡਮਿੰਟਨ, ਸ਼ਤਰੰਜ ਤੇ ਲੁੱਡੋ ਖੇਡਣ ਦੀ ਸਹੂਲਤ ਹੈ ਪਰ ਇਸ ਦੇ ਬਾਵਜੂਦ ਰਾਮ ਰਹੀਮ ਨੂੰ ਮਨੋਰੰਜਨ ਦੇ ਲਾਲੇ ਪੈਣਗੇ।
ਜੇਲ ਦੀ ਹਰ ਬੈਰਕ ‘ਚ ਟੀ. ਵੀ. ਲੱਗਾ ਹੈ ਪਰ ਉਸ ‘ਤੇ ਦੂਰਦਰਸ਼ਨ ਹੀ ਚੱਲੇਗਾ, ਉਹ ਵੀ ਸਿਰਫ ਰਾਤ ਦੇ 10 ਵਜੇ ਤਕ ਹੀ ਚਲੇਗਾ। ਵੱਖ-ਵੱਖ ਕਿਸਮ ਦੇ ਕੱਪੜੇ ਪਾਉਣ ਵਾਲੇ ਰਾਮ ਰਹੀਮ ਨੂੰ ਹੁਣ ਜੇਲ ‘ਚ ਕੈਦੀਆਂ ਵਾਲੇ ਕੱਪੜੇ ਪਾਉਣੇ ਪੈਣਗੇ।ਜੇਲ ‘ਚ ਡਿਜ਼ਾਈਨਾਂ ਵਾਲੇ ਕੱਪੜੇ ਪਾਉਣ ਦੀ ਮਨਾਹੀ: ਜੇਲ ‘ਚ ਜੀਨਜ਼, ਸਪੋਰਟਸ ਸ਼ੂਜ਼ ਅਤੇ ਵੱਖ-ਵੱਖ ਡਿਜ਼ਾਈਨਾਂ ਵਾਲੇ ਕੱਪੜੇ ਤੇ ਬੂਟ ਪਾਉਣ ਦੀ ਮਨਾਹੀ ਹੈ।
ਸਜ਼ਾ ਪ੍ਰਾਪਤ ਕੈਦੀਆਂ ਨੂੰ ਜੇਲ ‘ਚੋਂ ਮਿਲੇ ਕੱਪੜੇ ਹੀ ਪਾਉਣੇ ਪੈਂਦੇ ਹਨ।ਜੇਲ ਵਲੋਂ ਹਰ 6 ਮਹੀਨਿਆਂ ਦੌਰਾਨ ਇਕ ਕੁੜਤਾ-ਪਜਾਮਾ ਦਿੱਤਾ ਜਾਵੇਗਾ ਜਦਕਿ ਸਰਦੀ ਦੇ ਮੌਸਮ ‘ਚ ਸਿਆਲ ਵਾਲੇ ਕੱਪੜੇ ਪਾਉਣ ਲਈ ਮਿਲਣਗੇ। ਇਸ ਤੋਂ ਇਲਾਵਾ ਜੇ ਖੁਦ ਦੇ ਕੱਪੜੇ ਸਿਲਵਾਉਣੇ ਹਨ ਤਾਂ ਜੇਲ ‘ਚ ਕੈਦੀਆਂ ਵਲੋਂ ਚਲਾਈਆਂ ਜਾਣ ਵਾਲੀਆਂ ਸਿਲਾਈ ਦੀਆਂ ਦੁਕਾਨਾਂ ਤੋਂ ਇਨ੍ਹਾਂ ਨੂੰ ਸਿਲਵਾਇਆ ਜਾ ਸਕਦਾ ਹੈ।