ਜੰਡਪੁਰ ਦੇ ਵਸਨੀਕ ਦਾ ਗਲਾ ਵੱਢ ਕੇ ਕਤਲ

ਖਾਸ ਖ਼ਬਰਾਂ

ਐਸ.ਏ.ਐਸ. ਨਗਰ, 3 ਜਨਵਰੀ (ਗੁਰਮੁਖ ਵਾਲੀਆ) : ਥਾਣਾ ਬਲੌਂਗੀ ਦੇ ਅਧੀਨ ਪੈਂਦੇ  ਪਿੰਡ ਹੁਸੈਨਪੁਰ ਵਿਖੇ ਇਕ ਵਿਅਕਤੀ ਦੀ ਲਾਸ਼ ਬ੍ਰਾਮਦ ਹੋਈ ਹੈ ਜਿਸ ਦੇ ਪੇਟ ਵਿੱਚ ਚਾਕੂ ਨਾਲ ਕਈ ਵਾਰ ਕੀਤੇ ਹਨ ਅਤੇ ਗਲਾ ਵੀ ਵੱਢਿਆ ਗਿਆ ਹੈ। ਮ੍ਰਿਤਕ ਦੀ ਪਛਾਣ ਅਬਦੁਲ ਕਯੂਮ (31) ਵਾਸੀ ਪਿੰਡ ਜੰਡਪੁਰ ਜੋਕਿ ਮੂਲ ਰੂਪ ਤੋਂ ਯੂਪੀ ਦਾ ਰਹਿਣ ਵਾਲਾ ਹੈ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਬਲੌਂਗੀ ਭਗਵੰਤ ਸਿੰਘ ਰਿਆੜ ਮੌਕੇ ਉੱਤੇ ਪਹੁੰਚੇ ਜਿਨ੍ਹਾਂ ਮੌਕੇ ਦਾ ਮੁਆਇਨਾ ਕੀਤਾ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਇਸ ਮਾਮਲੇ 'ਚ ਸੀਆਈਏ ਸਟਾਫ ਦੀ ਵੀ ਮਦਦ ਲਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਬਦੁਲ ਕਯੂਮ ਉਰਫ ਖਾਨ ਮੰਡੀਆਂ ਵਿੱਚ ਜੈਕੇਟ ਵੇਚਣ ਦਾ ਕੰਮ ਕਰਦਾ ਸੀ ਅਤੇ ਆਪਣੀ ਪਤਨੀ ਸਬਾਨੀ 'ਤੇ ਚਾਰ ਬੱਚਿਆਂ ਨਾਲ ਪਿੰਡ ਜੰਡਪੁਰ ਵਿਖੇ ਕਿਰਾਏ ਉੱਤੇ ਰਹਿੰਦਾ ਸੀ। ਅਬਦੁਲ ਦੀ ਪਤਨੀ ਦੇ ਦੱਸਣ ਅਨੁਸਾਰ ਉਹ ਬੀਤੀ ਰਾਤ ਆਪਣੇ ਪਤੀ , ਭੈਣ 'ਤੇ ਬੱਚਿਆਂ ਨਾਲ ਚੰਡੀਗੜ੍ਹ ਆਪਣੇ ਰਿਸ਼ਤੇਦਾਰ ਕੋਲ ਜਾ ਰਹੇ ਸਨ ਕਿ ਸੈਕਟਰ-43 ਵਿਖੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਅਤੇ ਸਾਰੇ ਜਖਮੀ ਹੋ ਗਏ। 

ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਦੀ ਮਦਦ ਨਾਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਮੁੱਢਲੇ ਉਪਚਾਰ ਤੋਂ ਬਾਅਦ ਉਹ ਪਰਿਵਾਰ ਸਮੇਤ ਘਰ ਆ ਗਏ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਕੋਈ ਸਵੇਰੇ ਤੜਕੇ 4 ਵਜੇ ਅਵਾਜ ਮਾਰ ਕੇ ਲੈ ਗਿਆ ਸੀ ਜਿਸ ਤੋਂ ਬਾਅਦ ਉਹ ਘਰ ਨਹੀਂ ਆਇਆ। ਉਸ ਨੇ ਦੱਸਿਆ ਕਿ ਉਸ ਨੂੰ ਗੁਆਂਢ ਵਿੱਚ ਰਹਿੰਦੇ ਇਕ ਵਿਅਕਤੀ ਨੇ ਉਸ ਦੇ ਪਤੀ ਦੇ ਕਤਲ ਹੋ ਜਾਣ ਬਾਰੇ ਦੱÎਸਿਆ। ਪੁਲਿਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ ਦੇ ਹਿਰਾਸਤ ਵਿੱਚ ਲਿਆ ਹੈ ਜਿਸ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀ ਵਿਰੁਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਸਬੰਧੀ ਥਾਣਾ ਮੁਖੀ ਨੇ ਕੀਹਾ ਕਿ ਅਬਦੁਲ ਕਯੂਮ ਦਾ ਗਲਾ ਰੇਤਿਆ ਗਿਆ ਹੈ ਅਤੇ ਉਸ ਦੇ ਪੇਟ ਵਿੱਚ ਵੀ ਚਾਕੂ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਕਤਲ ਇਕ ਤੋਂ ਵੱਧ ਵਿਅਕਤੀਆਂ ਵੱਲੋਂ ਕੀਤਾ ਮੰਨਿਆ ਜਾ ਰਿਹਾ ਹੈ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।