ਹੈਲੀਕਾਪਟਰ, ਟਰੈਕਟਰ ਅਤੇ ਹਾਥੀ ਘੋੜਿਆਂ 'ਤੇ ਤਾਂ ਤੁਸੀਂ ਕਈ ਬਾਰਾਤਾਂ ਜਾਂਦੀਆਂ ਵੇਖੀਆਂ ਹੋਣਗੀਆਂ ਪਰ ਨਵਾਂਸ਼ਹਿਰ 'ਚ ਇਸ ਸਭ ਤੋਂ ਹੱਟ ਕੇ ਇਕ ਲਾੜਾ ਰਿਕਸ਼ੇ 'ਤੇ ਲਾੜੀ ਨੂੰ ਵਿਆਹੁਣ ਪਹੁੰਚਿਆ।
ਪੇਸ਼ੇ ਵਜੋਂ ਆਰ. ਐੱਮ. ਪੀ. ਡਾਕਟਰ ਲਖਵਿੰਦਰ ਸਿੰਘ ਜਦੋਂ ਰਿਕਸ਼ੇ 'ਤੇ ਬਾਰਾਤ ਲੈ ਕੇ ਬਲਾਚੌਰ ਦੇ ਸਾਬਕਾ ਸਰਪੰਚ ਦੇ ਘਰ ਢੁਕਿਆ ਤਾਂ ਵੇਖਣ ਵਾਲੇ ਹੈਰਾਨ ਰਹਿ ਗਏ। ਸਾਦੇ ਢੰਗ ਨਾਲ ਕੀਤੇ ਵਿਆਹ ਤੋਂ ਬਾਅਦ ਡੋਲੀ ਵੀ ਰਿਕਸ਼ੇ 'ਤੇ ਹੀ ਆਈ। ਜਿਸਦਾ ਪਰਿਵਾਰ ਨੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਸਿਰਫ ਇਹੀ ਨਹੀਂ, ਰਿਸੈਪਸ਼ਨ ਦੇ ਨਾਂ 'ਤੇ ਖੂਨਦਾਨ ਕੈਂਪ ਲਗਾਇਆ ਗਿਆ।
ਇਸ ਵਿਆਹ ਦੀ ਜਿਥੇ ਇਲਾਕੇ 'ਚ ਖੂਬ ਚਰਚਾ ਹੈ, ਉਥੇ ਹੀ ਇਹ ਉਨ੍ਹਾਂ ਲੋਕਾਂ ਲਈ ਇਕ ਮਿਸਾਲ ਹੈ, ਜਿਹੜੇ ਵਿਆਹਾਂ 'ਚ ਲੋਕ ਵਿਖਾਵੇ ਦੇ ਨਾਂ 'ਤੇ ਲੱਖਾਂ ਰੁਪਏ ਦਾ ਖਰਚਾ ਕਰਦੇ ਹਨ ਅਤੇ ਬਾਅਦ ਵਿਚ ਕਰਜ਼ੇ ਦੇ ਬੋਝ ਹੇਠਾਂ ਦੱਬੇ ਜਾਂਦੇ ਹਨ।