ਜਗਤਾਰ ਸਿੰਘ ਤਾਰਾ ਨੂੰ ਬੇਅੰਤ ਸਿੰਘ ਕਤਲ ਕਾਂਡ 'ਚ ਦੋਸ਼ੀ ਕਰਾਰ

ਚੰਡੀਗੜ੍ਹ : ਇਥੋ ਦੀ ਅਦਾਲਤ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਸਜ਼ਾ ਦਾ ਐਲਾਨ ਕੱਲ੍ਹ 17 ਮਾਰਚ ਨੂੰ ਕਰੇਗੀ। ਤਾਰਾ ਨੇ ਅਦਲਤ ਵਿੱਚ ਬੇਅੰਤ ਦੇ ਕਤਲ ਕਰਨ ਦੀ ਜ਼ਿੰਮੇਵਾਰੀ ਕਬੂਲ ਲਈ ਸੀ। ਉਸ ਨੇ ਕੇਸ ਦੀ ਪੈਰਵਾਈ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਕਾਬਲੇਗੌਰ ਹੈ ਕਿ ਬੇਅੰਤ ਸਿੰਘ ਦੀ ਸਿਵਲ ਸਕੱਤਰੇਤ ਮੂਹਰੇ 31 ਅਗਸਤ 1995 ਨੂੰ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ। ਤਾਰਾ ਨੇ ਯੂਟੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਪੰਨਿਆਂ ਦਾ ਹੱਥ ਲਿਖਤ ਪੱਤਰ ਸੌਂਪ ਕਿ ਕਬੂਲ ਕੀਤਾ ਸੀ ਕਿ ਮੁੱਖ ਮੰਤਰੀ ਬੇਅੰਤ ਨੂੰ ਕਤਲ ਕਰਨ ਵੇਲੇ ਉਹ ਮਨੁੱਖੀ ਬੰਬ ਦਿਲਾਵਰ ਸਿੰਘ ਦੇ ਨਾਲ ਸੀ।

ਇਸ ਤੋਂ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਵੀ ਬੇਅੰਤ ਸਿੰਘ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ। ਤਾਰਾ ਤੋਂ ਬਿਨਾਂ ਬੇਅੰਤ ਕਤਲ ਕੇਸ ‘ਚ ਸ਼ਾਮਲ ਬਾਕੀ ਅੱਠ ਦੋਸ਼ੀਆਂ ਬਾਰੇ ਫੈਸਲਾ ਹੋ ਚੁੱਕਾ ਹੈ ਜਿਸ ਵਿਚ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਤਾਰਾ ਦੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋਣ ਕਰਕੇ ਉਨ੍ਹਾਂ ਦਾ ਕੇਸ ਹੁਣ ਜੇਲ੍ਹ ਵਿੱਚ ਹੀ ਚੱਲ ਰਿਹਾ ਹੈ। 

ਤਾਰਾ ਨੇ ਅਦਾਲਤ ਕੋਲ ਕਬੂਲਿਆ ਸੀ ਕਿ ਬੇਅੰਤ ਸਿੰਘ ਨੂੰ ਮਾਰਨ ਦਾ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਜਾਂ ਅਫਸੋਸ ਨਹੀਂ ਪਰ ਬੰਬ ਧਮਾਕੇ ਵਿੱਚ ਮਾਰੇ ਗਏ ਦੂਜੇ ਬੇਕਸੂਰ ਬੰਦਿਆਂ ਦਾ ਦੁੱਖ ਜ਼ਰੂਰ ਹੈ। ਤਾਰਾ ਨੇ ਇਹ ਵੀ ਕਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਦਾ ਫ਼ੈਸਲਾ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਸਿਧਾਂਤਾਂ ਮੁਤਾਬਕ ਹੀ ਲਿਆ ਗਿਆ ਸੀ।

 ਤਾਰਾ ਨੇ ਪੱਤਰ ਵਿੱਚ ਕਿਹਾ ਸੀ ਕਿ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ ਦੀ ਕਾਰਵਾਈ ਨੇ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਸੀ। ਤਾਰਾ ਨੇ ਪੱਤਰ ‘ਚ ਅੱਗੇ ਲਿਖਿਆ ਸੀ ਕਿ ਖਾੜਕੂਵਾਦ ਵੇਲੇ ਪੁਲਿਸ ਆਮ ਲੋਕਾਂ ਨੂੰ ਡਾਕੂ ਲੁਟੇਰੇ ਦੇ ਭੇਸ ਵਿੱਚ ਲੁੱਟਦੀ ਰਹੀ ਸੀ ਤੇ ਇਨ੍ਹਾਂ ਕੰਮਾਂ ਲਈ ਬਦਨਾਮ ਸਿੱਖ ਨੌਜਵਾਨਾਂ ਨੂੰ ਕੀਤਾ ਜਾਂਦਾ ਸੀ। ਇਹ ਵਰਤਾਰਾ ਲੰਬਾ ਸਮਾਂ ਚੱਲਦਾ ਰਿਹਾ।