ਭਾਰਤ ਦੇ ਜੈਵਲਿਨ ਥਰੋਅ ਦੇ ਖਿਡਾਰੀ ਦਵਿੰਦਰ ਸਿੰਘ ਕੰਗ ਨੂੰ ਡੋਪ ਟੈਸਟ ਦੌਰਾਨ ਆਰਜ਼ੀ ਤੌਰ 'ਤੇ ਮੁੱਅਤਲ ਕਰ ਦਿੱਤਾ ਗਿਆ ਏ। 29 ਸਾਲਾ ਕੰਗ ਦਾ ਡੋਪ ਟੈਸਟ ਪਿਛਲੇ ਸਾਲ 10 ਨਵੰਬਰ ਨੂੰ ਪਟਿਆਲਾ ਵਿਚ ਅਥਲੈਟਿਕਸ ਇੰਟੇਗਿ੍ਟੀ ਯੁਨਿਟ ਦੇ ਅਧਿਕਾਰੀਆਂ ਨੇ ਕੀਤਾ ਸੀ ਜਿਸ ਵਿਚੋਂ ਐਨਾਬੋਲਿਕ ਤੱਤ ਪਾਇਆ ਗਿਆ ਸੀ। ਕੰਗ 'ਤੇ ਹੁਣ 4 ਸਾਲ ਦੀ ਪਾਬੰਦੀ ਦਾ ਖਤਰਾ ਮੰਡਰਾ ਰਿਹਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਉਸ ਦਾ ਕੈਰੀਅਰ ਖਤਮ ਹੋ ਜਾਵੇਗਾ।
ਏ.ਆਈ.ਯੂ. ਦੇ ਅਧਿਕਾਰੀਆਂ ਨੇ ਕੰਗ ਦਾ ਟੈਸਟ ਉਸ ਦੇ ਦੁਆਰਾ ਵਾਡਾ ਜਾਬਤੇ ਚ 'ਰਹਿਣ ਦੇ ਸਥਾਨ' ਸਬੰਧੀ ਨਿਯਮ ਦੇ ਤਹਿਤ ਮੁਹਈਆ ਕਰਵਾਏ ਸਮੇਂ 'ਤੇ ਕੀਤਾ ਸੀ, ਕਿਉਂਕਿ ਉਹ ਉਨ੍ਹਾਂ ਪੰਜ ਭਾਰਤੀ ਅਥਲੀਟਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਆਈ.ਏ.ਐਫ. ਦੇ ਰਜਿਸਟਰਡ ਟੈਸਟਿੰਗ ਪੂਲ ਵਿਚ ਰੱਖਿਆ ਗਿਆ ਹੈ। ਆਈ.ਏ.ਐਫ. ਨੇ ਭਾਰਤੀ ਅਥਲੈਟਿਕਸ ਮਹਾਂਸੰਘ ਨੂੰ ਮੰਗਲਵਾਰ ਨੂੰ ਹੀ ਕੰਗ ਦੇ ਡੋਪ ਵਿਚੋਂ ਫੇਲ ਹੋਣ ਦੀ ਸੂਚਨਾ ਦੇ ਦਿੱਤੀ ਸੀ ਅਤੇ ਉਸ ਦਾ ਨਾਂਅ ਤੁਰੰਤ ਹੀ ਐਨ.ਆਈ. ਐਸ. ਪਟਿਆਲਾ ਵਿਚ ਹੋਈ ਭਾਰਤੀ ਗ੍ਰਾਂ ਪ੍ਰੀ ਦੀ ਪੁਰਸ਼ ਜੈਵਲਿਨ ਸੁਟਣ ਦੇ ਮੁਕਾਬਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹਟਾ ਦਿੱਤਾ ਗਿਆ।
ਐਫ. ਆਈ. ਨੇ ਉਸ ਨੂੰ ਐਨ.ਆਈ.ਐਸ. ਪਟਿਆਲਾ ਵਿਚ ਚੱਲ ਰਹੇ ਰਾਸ਼ਟਰੀ ਕੈਂਪ ਵਿਚੋਂ ਜਾਣ ਲਈ ਕਿਹਾ। ਇਹ ਪਹਿਲੀ ਵਾਰ ਹੈ ਕਿ ਕੋਈ ਭਾਰਤੀ ਅਥਲੀਟ ਏ.ਆਈ.ਯੂ. ਦੇ ਟੈਸਟ ਵਿਚ ਪਾਜ਼ਟਿਵ ਪਾਇਆ ਗਿਆ ਹੋਵੇ।
ਕੰਗ ਨੂੰ ਹੁਣ ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ 4 ਤੋਂ 15 ਅਪ੍ਰੈਲ ਤੱਕ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਭਾਰਤੀ ਟੀਮ ਵਿਚ ਜਗ੍ਹਾ ਨਹੀਂ ਮਿਲਣੀ ਲਗਪਗ ਤੈਅ ਹੈ, ਜਿਸ ਦੀ ਟੀਮ 9 ਮਾਰਚ ਨੂੰ ਐਲਾਨੀ ਜਾਵੇਗੀ। ਪਿਛਲੇ ਸਾਲ ਪੰਜਾਬ ਦੇ ਇਸ ਅਥਲੀਟ ਨੂੰ ਗਾਂਜਾ ਦੇ ਲਈ ਪਾਜਟਿਵ ਪਾਇਆ ਗਿਆ ਸੀ ਜਿਸ ਦੇ ਅੰਸ਼ ਉਸ ਦੇ ਮੂਤਰ ਨਮੂਨੇ ਵਿਚ ਮਿਲੇ ਸੀ।