ਜਲਦ ਫਲਾਇਟ 'ਚ ਯਾਤਰੀ ਇਸਤੇਮਾਲ ਕਰ ਸਕਣਗੇ Wi - Fi

ਜਲਦ ਹੀ ਤੁਸੀਂ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਤੁਹਾਨੂੰ ਜ਼ਿਆਦਾ ਕਿਰਾਇਆ ਦੇਣਾ ਪਵੇਗਾ। ਹਵਾਈ ਸਫ਼ਰ ਦੌਰਾਨ ਵਾਈਫਾਈ ਦਾ ਇਸਤੇਮਾਲ ਕਰਨ ਉੱਤੇ 20-30 ਫ਼ੀਸਦੀ ਵਾਧੂ ਕਿਰਾਇਆ ਦੇਣਾ ਹੋਵੇਗਾ।ਹਵਾਈ ਸਫ਼ਰ ਦੌਰਾਨ ਫ਼ੋਨ ‘ਤੇ ਡੇਟਾ ਦੇ ਇਸਤੇਮਾਲ ਦੀ ਆਗਿਆ ਮਿਲਣ ਤੋਂ ਬਾਦ ਏਅਰਲਾਈਨਜ਼ ਯਾਤਰੀਆਂ ਨੂੰ ਇਹ ਸੁਵਿਧਾ ਦੇਣ ਉੱਤੇ ਗ਼ੌਰ ਕਰ ਰਹੀ ਹੈ।

ਯਾਤਰੀਆਂ ਨੂੰ ਇੰਟਰਨੈੱਟ ਸੇਵਾ ਦੇਣ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਈਫਾਈ ਦਾ ਚਾਰਜ ਕੌਮਾਂਤਰੀ ਸਟੈਂਡਰਡ ਮੁਤਾਬਕ ਹੀ ਲਿਆ ਜਾਵੇਗਾ।
ਅਧਿਕਾਰੀਆਂ ਮੁਤਾਬਕ 30 ਮਿੰਟ ਤੋਂ ਲੈ ਕੇ ਇੱਕ ਘੰਟੇ ਦੇ ਸਫ਼ਰ ਲਈ 500 ਤੋਂ 1000 ਰੁਪਏ ਚਾਰਜ ਕੀਤੇ ਜਾ ਸਕਦੇ ਹਨ। ਉੱਥੇ ਹੀ ਏਅਰਲਾਈਨਜ਼ ਨੂੰ ਇਹ ਸੁਵਿਧਾ ਮੁਹੱਈਆ ਕਰਾਉਣ ਵਾਲੇ ਸਰਵਿਸ ਪ੍ਰੋਵਾਈਡਰ ਨੂੰ ਵੱਡੀ ਰਕਮ ਦੇਣੀ ਪਵੇਗੀ। 

ਫ਼ਿਲਹਾਲ ਇਹ ਸੁਵਿਧਾ ਕੌਮਾਂਤਰੀ ਰੂਟਾਂ ਵਾਲੀਆਂ ਉਡਾਣਾਂ ਨੂੰ ਮਿਲੇਗੀ। ਘਰੇਲੂ ਉਡਾਣਾਂ ਦਾ ਕਿਰਾਇਆ ਥੋੜ੍ਹਾ ਹੁੰਦਾ ਹੈ। ਇਸ ਲਈ ਗਾਹਕਾਂ ਨੂੰ ਇੰਟਰਨੈੱਟ ਸੇਵਾ ਲੈਣ ਲਈ ਜ਼ਿਆਦਾ ਕਿਰਾਇਆ ਦੇਣਾ ਮੁਸ਼ਕਿਲ ਹੋਵੇਗਾ। ਅਧਿਕਾਰੀਆਂ ਮੁਤਾਬਕ ਉਹ ਘਰੇਲੂ ਉਡਾਣਾਂ ਬਾਰੇ ਵੀ ਗ਼ੌਰ ਕਰ ਰਹੇ ਹਨ ਪਰ ਇਸ ਲਈ ਖ਼ਰਚ ਤੇ ਮੰਗ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।