ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਬੈਂਕਾਂ ਨੂੰ ਆਖਿਆ ਹੈ ਕਿ ਜਾਣਬੁੱਝ ਕੇ ਕਰਜ਼ਾ ਨਾ ਅਦਾ ਕਰਨ ਵਾਲੇ ਵਿਲਫੁੱਲ ਡਿਫ਼ਾਲਟਰਾਂ ਦੀ ਤਸਵੀਰ ਅਤੇ ਬਾਕੀ ਡਿਟੇਲ ਅਖ਼ਬਾਰਾਂ ਵਿਚ ਛਾਪੀ ਜਾਵੇ। ਵਿੱਤ ਮੰਤਰਾਲੇ ਨੇ ਸਾਰੇ ਸਰਕਾਰੀ ਬੈਂਕਾਂ ਨੂੰ ਨਿਰਦੇਸ਼ ਦਿਤਾ ਹੈ ਕਿ ਬੋਰਡ ਤੋਂ ਕਰਜ਼ਾ ਨਾ ਅਦਾ ਕਰਨ ਵਾਲਿਆਂ ਦੀਆਂ ਤਸਵੀਰਾਂ ਛਪਾਉਣ ਦੀ ਮਨਜ਼ੂਰੀ ਲੈਣ।
ਦਸੰਬਰ 2017 ਤਕ ਵਿਲਫੁਲ ਡਿਫ਼ਾਲਟਰ, ਜਿਨ੍ਹਾਂ ਕੋਲ ਸਮਰੱਥਾ ਹੈ ਪਰ ਫਿਰ ਵੀ ਲੋਨ ਅਦਾ ਨਹੀਂ ਕਰ ਰਹੇ, ਉਨ੍ਹਾਂ ਦੀ ਗਿਣਤੀ 9063 ਹੋ ਗਈ ਹੈ।
ਸਰਕਾਰ ਨੇ ਜਾਣਬੁੱਝ ਕੇ ਕਰਜ਼ਾ ਨਾ ਅਦਾ ਕਰਨ ਵਾਲਿਆਂ ਦੇ ਖਿ਼ਲਾਫ਼ ਸ਼ਿਕੰਜਾ ਕਸਦੇ ਹੋਏ ਇਹ ਨਿਰਦੇਸ਼ ਜਾਰੀ ਕੀਤਾ ਹੈ। ਵਿੱਤ ਮੰਤਰਾਲੇ ਨੇ ਜਨਤਕ ਖੇਤਰ ਦੇ ਸਾਰੇ ਬੈਂਕਾਂ ਨੂੰ ਪੱਤਰ ਲਿਖ ਕੇ ਅਜਿਹੇ ਲੋਕਾਂ ਦੀ ਤਸਵੀਰ ਪ੍ਰਕਾਸ਼ਤ ਕਰਵਾਉਣ ਨੂੰ ਲੈ ਕੇ ਨਿਦੇਸ਼ਕ ਮੰਡਲ ਦੀ ਮਨਜ਼ੂਰੀ ਲੈਣ ਲਈ ਕਿਹਾ ਹੈ।
ਸੂਤਰਾਂ ਨੇ ਵਿੱਤ ਮੰਤਰਾਲੇ ਦੀ ਸਲਾਹ ਦੇ ਹਵਾਲੇ ਨਾਲ ਕਿਹਾ ਕਿ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਆਪਣੇ ਨਿਦੇਸ਼ਕ ਮੰਡਲ ਦੀ ਮਨਜ਼ੂਰੀ ਨਾਲ ਨੀਤੀ ਤਿਆਰ ਕਰਨਗੀਆਂ। ਇਸ ਵਿਚ ਜਾਣਬੁੱਝ ਕੇ ਕਰਜ਼ਾ ਨਾ ਅਦਾ ਕਰਨ ਵਾਲਿਆਂ ਦੀਆਂ ਤਸਵੀਰ ਪ੍ਰਕਾਸ਼ਤ ਕਰਵਾਉਣ ਨੂੰ ਲੈ ਕੇ ਮਾਪਦੰਡ ਬਿਲਕੁਲ ਸਪੱਸ਼ਟ ਹੋਣਗੇ।