ਜਥੇਦਾਰਾਂ ਬਾਰੇ ਆਹ ਕੀ ਬੋਲ ਗਈ ਬੀਬੀ ਜਗੀਰ ਕੌਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਉਨ੍ਹਾਂ ਨੂੰ ਤਲਬ ਕਰਨ ਦੇ ਮਾਮਲੇ ਵਿੱਚ ਕਿਹਾ ਕਿ ਮੁਤਵਾਜ਼ੀ ਜਥੇਦਾਰਾਂ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਅਤੇ ਨਾ ਹੀ ਉਹ ‘ਅਖੌਤੀ ਜਥੇਦਾਰਾਂ’ ਅੱਗੇ ਪੇਸ਼ ਹੋਣਗੇ।ਬੀਬੀ ਜਗੀਰ ਕੌਰ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਮੁਤਵਾਜ਼ੀ ਜਥੇਦਾਰਾਂ ਨੂੰ ਪੰਥ ਵਿੱਚ ਦੁਬਿਧਾ ਪੈਦਾ ਕਰਨ ਤੇ ਪੰਥਕ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਖ਼ਤ ‘ਤੇ ਤਲਬ ਕਰਨ। 

ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮੁਤਵਾਜ਼ੀ ਜਥੇਦਾਰਾਂ ਬਾਰੇ ਲਿਖਤੀ ਸ਼ਿਕਾਇਤ 15 ਅਕਤੂਬਰ ਨੂੰ ਦੇਣਗੇ ਤੇ ਮੁਤਵਾਜ਼ੀ ਜਥੇਦਾਰਾਂ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਜਾਵੇਗਾ।ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਅੱਠ ਮੈਂਬਰਾਂ ਦੀ ਹਾਜ਼ਰੀ ਵਿੱਚ ਕਿਹਾ ਕਿ ਉਨ੍ਹਾਂ ਵਿਰੁੱਧ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਦੋਂ ਬਿਆਨਬਾਜ਼ੀ ਕੀਤੀ ਜਾਂਦੀ ਹੈ। 

ਜਦੋਂ ਕੋਈ ਚੋਣ ਸਿਰ ‘ਤੇ ਹੋਵੇ। ਉਨ੍ਹਾਂ ਕਿਹਾ ਕਿ ਜੇ ਅਕਾਲ ਤਖ਼ਤ ਤੋਂ ਉਨ੍ਹਾਂ ਨੂੰ ਸੱਦਾ ਆਏਗਾ ਤਾਂ ਉਹ ਨਿਮਰਤਾ ਸਹਿਤ ਪੇਸ਼ ਹੋਣਗੇ। ਉਨ੍ਹਾਂ ਮੁਤਵਾਜ਼ੀ ਜਥੇਦਾਰਾਂ ਦੀ ਕਾਰਜਸ਼ੈਲੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਗੁੰਡਾਗਰਦੀ ਨੂੰ ਸ਼ਹਿ ਦੇ ਰਹੇ ਹਨ। ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਅਕਾਲ ਤਖ਼ਤ ਨੂੰ ਖੁੱਲ੍ਹਾ ਪੱਤਰ ਲਿਖ ਕੇ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਦੀ ਕੀਤੀ ਮੰਗ ਬਾਰੇ ਪੁੱਛਣ ‘ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਆਪ ਹੀ ਪੂਰਨ ਸਿੱਖ ਨਹੀਂ ਹਨ। 

 ਇਸ ਲਈ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ। ਹਰਿਮੰਦਰ ਸਾਹਿਬ ਵਿੱਚ ਬੀਬੀਆਂ ਨੂੰ ਕੀਰਤਨ ਦੀ ਇਜਾਜ਼ਤ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਇਸ ਗੱਲ ਦੀ ਹਮਾਇਤ ਕਰਦੇ ਹਨ ਕਿ ਜਿਹੜੀਆਂ ਬੀਬੀਆਂ ਕੀਰਤਨ ਕਰਨ ਵਿੱਚ ਪਰਪੱਕ ਹਨ ਤੇ ਬਾਣੀ ਕੰਠ ਹੈ, ਸੰਗੀਤ ਦਾ ਪੂਰਨ ਗਿਆਨ ਹੈ, ਉਹ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕਰ ਸਕਦੀਆਂ ਹਨ। ਗੌਰਤਲਬ ਹੈ ਕਿ ਮੁਤਵਾਜ਼ੀ ਜਥੇਦਾਰਾਂ ਨੇ ਬੀਬੀ ਜਗੀਰ ਕੌਰ ਨੂੰ 9 ਨਵੰਬਰ ਨੂੰ ਤਲਬ ਕੀਤਾ ਹੈ।