ਜੇ ਅੱਜ ਵੀ ਨਾ ਮਿਲੇ CM, ਤਾਂ ਬੱਸਾਂ ਰੱਖਣਗੀਆਂ ਚੱਕਾ ਜਾਮ

ਪੰਜਾਬ ਰੋਡਵੇਜ਼ ਪਨਬੱਸ ਕਾਂਟ੍ਰੈਕਟ ਵਰਕਰਜ਼ ਯੂਨੀਅਨ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮੰਗਲਵਾਰ ਮੀਟਿੰਗ ਲਈ ਚੰਡੀਗੜ੍ਹ ਸੱਦਿਆ ਸੀ ਪਰ ਯੂਨੀਅਨ ਨੇਤਾਵਾਂ ਨੂੰ ਉਹ ਨਹੀਂ ਮਿਲੇ। ਇਸ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮਾਂ ਨੂੰ ਚੰਡੀਗੜ੍ਹ ਤੋਂ ਨਿਰਾਸ਼ ਵਾਪਸ ਆਉਣਾ ਪਿਆ। ਬੁਲਾਰਿਆਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ 20 ਦਸੰਬਰ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਹੈ। 

ਜੇ ਮੁੱਖ ਮੰਤਰੀ 20 ਦਸੰਬਰ ਨੂੰ ਵੀ ਉਨ੍ਹਾਂ ਨੂੰ ਨਾ ਮਿਲੇ ਤਾਂ ਉਸੇ ਦਿਨ ਬਾਅਦ ਦੁਪਹਿਰ 2 ਵਜੇ ਤੋਂ ਪੰਜਾਬ ਦੇ ਸਭ 18 ਡਿਪੂਆਂ 'ਚ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਮੀਟਿੰਗ ਲਈ ਯੂਨੀਅਨ ਦੇ ਨੇਤਾ ਦੂਜੇ ਸ਼ਹਿਰਾਂ ਤੋਂ ਚੰਡੀਗੜ੍ਹ ਪਹੁੰਚਦੇ ਹਨ। 

ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਬਲਜੀਤ ਸਿੰਘ ਗਿੱਲ, ਚੇਅਰਮੈਨ ਪਰਮਜੀਤ ਸਿੰਘ ਕੋਹਾੜ, ਸਤਿਨਾਮ ਸਿੰਘ, ਜੋਧ ਸਿੰਘ, ਜਸਬੀਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਬਕਾਇਆ ਪਈਆਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਮੀਟਿੰਗ ਦੀ ਗੱਲ ਕਹੀ ਸੀ।

ਜਿਸ 'ਚ ਬਕਾਇਆ ਪਈਆਂ ਮੰਗਾਂ ਨੂੰ ਲੈ ਕੇ ਗੱਲਬਾਤ ਹੋਣੀ ਸੀ। ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਕਾਰਨ ਉਹ ਪਰੇਸ਼ਾਨੀ ਝੱਲ ਰਹੇ ਹਨ। ਇਸ ਲਈ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਣ। ਉਨ੍ਹਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ। ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਬਰਾਬਰ ਕੰਮ-ਬਰਾਬਰ ਤਨਖਾਹ ਉਨ੍ਹਾਂ ਦੀ ਮੁੱਖ ਮੰਗ ਹੈ। 

ਜੇ ਇਸ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। 20 ਦਸੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾ ਮਿਲਣ 'ਤੇ ਰੋਸ ਪ੍ਰਗਟਾਵਾ ਕਰਕੇ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਅਧੀਨ ਪਟਿਆਲਾ 'ਚ ਪ੍ਰਦਰਸ਼ਨ ਕਰਨਾ ਵੀ ਸ਼ਾਮਲ ਹੋਵੇਗਾ।