ਜੇ ਤੁਸੀ ਗੱਡੀ ਅੱਗੇ ਕਰੈਸ਼ ਗਾਰਡ ਲਗਵਾਇਆ ਹੈ ਤਾਂ ਜੁਰਮਾਨਾ ਦੇਣ ਲਈ ਹੋ ਜਾਉ ਤਿਆਰ

ਪਟਿਆਲਾ, 12 ਮਾਰਚ (ਬਲਵਿੰਦਰ ਸਿੰਘ ਭੁੱਲਰ): ਤਿੰਨ ਮਹੀਨੇ ਪਹਿਲਾਂ  ਸੜਕੀ ਆਵਾਜਾਈ ਅਤੇ ਹਾਈਵੇਅ ਮੰਤਰਾਲਾ ਭਾਰਤ ਸਰਕਾਰ ਵਲੋਂ ਬਣਾਏ ਗਏ ਇਕ ਮਹੱਤਵਪੂਰਨ ਕਾਨੂੰਨ ਦੁਆਰਾ ਭਾਰਤੀ ਸੜਕਾਂ 'ਤੇ ਚੱਲਣ ਵਾਲੀਆਂ ਸਾਰੀਆਂ ਮੋਟਰ ਗੱਡੀਆਂ ਅੱਗੇ ਲੱਗੇ ਲੋਹੇ ਜਾਂ ਸਟੀਲ ਦੇ ਕਰੈਸ਼ ਗਾਰਡ ਸਦਾ ਲਈ ਬੰਦ ਕਰ ਦਿਤੇ ਗਏ ਸਨ ਪਰ ਸੂਬਾ ਸਰਕਾਰ ਵਲੋਂ ਹੁਣ ਤਕ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦਾ ਕੋਈ ਵੀ ਚਲਾਨ ਨਹੀਂ ਕੱਟਿਆ ਗਿਆ। ਪਰ ਹੁਣ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਅੱਜ ਤੋਂ ਬਾਅਦ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਸਾਰੇ ਭਾਰਤੀ ਰਾਜਾਂ ਦੇ ਟਰਾਂਸਪੋਰਟ ਕਮਿਸ਼ਨਰਾਂ ਨੂੰ ਇਕ ਲਿਖਤੀ ਆਦੇਸ਼ ਰਾਹੀਂ ਪਿਛਲੇ ਸਾਲ 7 ਦਸੰਬਰ ਨੂੰ ਸੂਚਿਤ ਕਰ ਦਿਤਾ ਗਿਆ ਸੀ ਕਿ ਗੱਡੀਆਂ ਮੋਟਰਾਂ ਅਤੇ ਕਾਰਾਂ ਅੱਗੇ ਲੱਗੇ ਕਰੈਸ਼ ਗਾਰਡ ਜਿਥੇ ਪੈਦਲ ਚੱਲਣ ਵਾਲੇ ਰਾਹੀਆਂ-ਮੁਸਾਫ਼ਰਾਂ ਦੀ  ਜਾਨ ਦਾ ਖੌਅ ਬਣ ਚੁਕੇ ਹਨ ਉੱਥੇ ਇਨ੍ਹਾਂ ਗੱਡੀਆਂ ਵਿਚ ਸਫ਼ਰ ਕਰਨ ਵਾਲਿਆਂ ਦੀ ਜਾਨ ਲਈ ਵੀ ਖ਼ਤਰਾ ਬਣ ਚੁਕੇ ਹਨ।