ਜੇਕਰ ਤੁਸੀਂ 18 ਤੋਂ 26 ਜਨਵਰੀ ਦੌਰਾਨ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਹੋ ਤਾਂ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਦਿੱਲੀ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ (ਡੀ. ਆਈ. ਏ. ਐੱਲ.) ਨੂੰ 18 ਤੋਂ 26 ਜਨਵਰੀ ਤਕ ਸਵੇਰੇ 10.30 ਵਜੇ ਤੋਂ ਦੁਪਹਿਰ 12.15 ਤਕ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਘਰੇਲੂ ਉਡਾਣਾਂ ਨੂੰ ਰੱਦ ਕਰਨ ਲਈ ਕਿਹਾ ਗਿਆ ਹੈ। ਗਣਤੰਤਰ ਦਿਵਸ 'ਤੇ ਹੋਣ ਵਾਲੇ ਪ੍ਰੋਗਰਾਮ ਦੀ ਸੁਰੱਖਿਆ ਦੇ ਮੱਦੇਨਜ਼ਰ ਹਰ ਸਾਲ 9 ਦਿਨ ਤਕ ਦਿੱਲੀ ਦੇ ਉਪਰ ਹਵਾਈ ਰਸਤੇ ਨੂੰ ਬੰਦ ਰੱਖਿਆ ਜਾਂਦਾ ਹੈ।
ਅਜਿਹੇ 'ਚ ਜ਼ਿਆਦਾਤਰ ਉਡਾਣਾਂ ਨੂੰ ਆਪਣਾ ਸਮਾਂ ਬਦਲਣ ਲਈ ਕਿਹਾ ਜਾਂਦਾ ਹੈ। ਹਾਲਾਂਕਿ ਇਸ ਵਾਰ ਇਨ੍ਹਾਂ 9 ਦਿਨਾਂ 'ਚ ਦਿੱਲੀ ਹਵਾਈ ਅੱਡੇ 'ਤੇ ਕੋਈ ਵੀ ਸਲਾਟ ਖਾਲੀ ਨਾ ਹੋਣ ਕਾਰਨ ਡੀ. ਆਈ. ਏ. ਐੱਲ. ਨੂੰ ਅਜਿਹੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਇਨ੍ਹਾਂ 9 ਦਿਨਾਂ 'ਚ ਸਵੇਰੇ 10.30 ਵਜੇ ਤੋਂ ਦੁਪਹਿਰ 12.15 ਵਜੇ ਤਕ ਆਉਣ-ਜਾਣ ਵਾਲੀਆਂ ਤਕਰੀਬਨ 900 ਉਡਾਣਾਂ ਰੱਦ ਹੋ ਸਕਦੀਆਂ ਹਨ। ਉੱਥੇ ਹੀ, ਕੌਮਾਂਤਰੀ ਜਹਾਜ਼ ਕੰਪਨੀਆਂ ਨੂੰ ਆਪਣੀਆਂ ਉਡਾਣਾਂ ਦਾ ਸਮਾਂ ਬਦਲਣ ਲਈ ਕਿਹਾ ਗਿਆ ਹੈ।
ਏਅਰ ਇੰਡੀਆ ਨੂੰ ਡੀ. ਆਈ. ਏ. ਐੱਲ. ਨੇ 7 ਜਾਣ ਵਾਲੀਆਂ ਅਤੇ 5 ਆਉਣ ਵਾਲੀਆਂ ਉਡਾਣਾਂ ਰੱਦ ਕਰਨ ਲਈ ਕਿਹਾ ਹੈ। ਏਅਰ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਨੂੰ ਡੀ. ਆਈ. ਏ. ਐੱਲ. ਸਾਹਮਣੇ ਚੁੱਕਾਗੇ। ਅਚਾਨਕ ਇਸ ਤਰ੍ਹਾਂ ਉਡਾਣਾਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ ਹਨ। ਹੋਰ ਏਅਰਲਾਈਨਾ ਨੇ ਇਸ ਮੁੱਦੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਕਿ ਉਨ੍ਹਾਂ ਨੂੰ ਕਿੰਨੀਆਂ ਉਡਾਣਾਂ ਰੱਦ ਕਰਨੀਆਂ ਪੈਣਗੀਆਂ ਪਰ ਉਹ ਵੀ ਡੀ. ਆਈ. ਏ. ਐੱਲ. ਸਾਹਮਣੇ ਇਸ ਮੁੱਦੇ ਨੂੰ ਚੁੱਕਣ ਦਾ ਮਨ ਬਣਾ ਰਹੀਆਂ ਹਨ।
ਸੂਤਰਾਂ ਦੀ ਮੰਨੀਏ ਤਾਂ ਇਸ ਫੈਸਲੇ ਨਾਲ ਰੋਜ਼ਾਨਾ ਤਕਰੀਬਨ 100 ਉਡਾਣਾਂ ਰੱਦ ਕਰਨੀਆਂ ਪੈ ਸਕਦੀਆਂ ਹਨ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਰੋਜ਼ਾਨਾ ਤਕਰੀਬਨ 1100 ਉਡਾਣਾਂ ਚੱਲਦੀਆਂ ਹਨ। ਉਡਾਣਾਂ ਦੀ ਗਿਣਤੀ 'ਚ ਤਕਰੀਬਨ 10 ਫੀਸਦੀ ਦੀ ਕਮੀ ਆਉਣ ਨਾਲ ਬਾਕੀ ਉਡਾਣਾਂ ਦੇ ਕਿਰਾਏ 'ਤੇ ਇਸ ਦਾ ਅਸਰ ਪੈ ਸਕਦਾ ਹੈ। ਹਾਲਾਂਕਿ ਰੱਦ ਹੋਣ ਵਾਲੀਆਂ ਉਡਾਣਾਂ ਦੀ ਗਿਣਤੀ ਬਾਰੇ ਡੀ. ਆਈ. ਏ. ਐੱਲ. ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।