ਚਾਰਾ ਘੁਟਾਲੇ ‘ਚ ਸਾਢੇ ਤਿੰਨ ਸਾਲ ਦੀ ਸਜ਼ਾ ਮਿਲਣ ਮਗਰੋਂ ਲਾਲੂ ਪ੍ਰਸਾਦ ਯਾਦਵ ਜੇਲ੍ਹ ‘ਚ ਮਾਲੀ ਦਾ ਕੰਮ ਕਰਨਗੇ ਅਤੇ ਉਨ੍ਹਾਂ ਨੂੰ ਇਸ ਕੰਮ ਬਦਲੇ 93 ਰੁਪਏ ਰੋਜ਼ਾਨਾ ਦਿਹਾੜੀ ਵੀ ਮਿਲੇਗੀ। ਪਤਾ ਚੱਲਿਆ ਹੈ ਕਿ ਲਾਲੂ ਯਾਦਵ ਨੂੰ ਹਜ਼ਾਰੀ ਬਾਗ਼ ਦੀ ਓਪਨ ਜੇਲ੍ਹ ‘ਚ ਸ਼ਿਫ਼ਟ ਕੀਤਾ ਜਾਵੇਗਾ। ਪਾਰਟੀ ਨੇ ਉਹਨਾਂ ਦੀ ਜ਼ਮਾਨਤ ਲਈ ਹਾਈ ਕੋਰਟ ‘ਚ ਅਪੀਲ ਕਰਨ ਦਾ ਫ਼ੈਸਲਾ ਕੀਤਾ ਹੈ।
ਕਾਨੂੰਨੀ ਮਾਹਿਰਾਂ ਅਨੁਸਾਰ ਜੇ ਲਾਲੂ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੁੰਦੀ ਤਾਂ ਉਨ੍ਹਾਂ ਨੂੰ ਵਿਸ਼ੇਸ਼ ਅਦਾਲਤ ਤੋਂ ਹੀ ਜ਼ਮਾਨਤ ਮਿਲ ਸਕਦੀ ਸੀ, ਪਰ ਹੁਣ ਉਹਨਾ ਕੋਲ ਹਾਈ ਕੋਰਟ ਜਾਣ ਦਾ ਰਾਹ ਹੀ ਰਹਿ ਗਿਆ ਹੈ। ਚਾਰਾ ਘੁਟਾਲੇ ‘ਚ ਸਜ਼ਾ ਮਿਲਣ ਮਗਰੋਂ ਲਾਲੂ ਪ੍ਰਸਾਦ ਨੇ ਟਵਿੱਟਰ ਰਾਹੀਂ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ।
ਉਨ੍ਹਾਂ ਦੇ ਟਵਿੱਟਰ ਹੈਂਡਲ ‘ਤੇ ਪੋਸਟ ਕੀਤੇ ਗਏ ਇੱਕ ਪੱਤਰ ‘ਚ ਲਾਲੂ ਯਾਦਵ ਨੇ ਲਿਖਿਆ ਕਿ ਮੈਂ ਤਾਨਾਸ਼ਾਹੀ ਸੱਤਾ ਦਾ ਸਾਥ ਨਹੀਂ ਦਿੱਤਾ, ਇਸ ਲਈ ਜ਼ਹਿਰੀਲੀਆਂ ਤਾਕਤਾਂ ਮੇਰੇ ਪਿੱਛੇ ਲਾ ਦਿੱਤੀਆਂ ਗਈਆਂ ਤੇ ਮੈਨੂੰ ਸਜ਼ਾ ਭੁਗਤਣੀ ਪਈ। ਬਿਹਾਰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਅਤੇ ਲਾਲੂ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਨੇ ਸਜ਼ਾ ਵਿਰੁੱਧ ਹਾਈ ਕੋਰਟ ‘ਚ ਅਪੀਲ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰ ‘ਚ ਸੱਤਾਧਾਰੀ ਭਾਜਪਾ ਨੇ ਸਾਜ਼ਿਸ਼ ਕਰ ਕੇ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਲਾਲੂ ਯਾਦਵ ਨੂੰ ਫਸਾਇਆ ਹੈ। ਉਨ੍ਹਾਂ ਕਿਹਾ ਕਿ ਦੁੱਖ ਹੈ ਕਿ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਉਹ ਜੇਲ੍ਹਾਂ ‘ਚ ਹਨ ਅਤੇ ਜਿਨ੍ਹਾਂ ਨੂੰ ਨਹੀਂ ਚੁਣਿਆ, ਉਹ ਚੋਰ ਦਰਵਾਜ਼ੇ ਰਾਹੀਂ ਸਰਕਾਰ ‘ਚ ਬੈਠੇ ਹਨ।
ਉੱਧਰ ਬਿਹਾਰ ਕਾਂਗਰਸ ਦੇ ਪ੍ਰਧਾਨ ਨਾਕਬ ਕਾਦਰੀ ਨੇ ਕਿਹਾ ਕਿ ਲਾਲੂ ਯਾਦਵ ਨੂੰ ਸਜ਼ਾ ਦਾ ਅਸਰ ਆਰ ਜੇ ਡੀ-ਕਾਂਗਰਸ ਗੱਠਜੋੜ ‘ਤੇ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨਿਆਂ ਪ੍ਰਕਿਰਿਆ ਦਾ ਸਨਮਾਨ ਕਰਦੀ ਹੈ, ਪਰ ਅਦਾਲਤ ਦੇ ਫ਼ੈਸਲੇ ਨਾਲ ਦੋਵਾਂ ਪਾਰਟੀਆਂ ਦਾ ਗੱਠਜੋੜ ਪ੍ਰਭਾਵਿਤ ਨਹੀਂ ਹੋਵੇਗਾ।