ਚੰਡੀਗੜ੍ਹ: ਪੰਜਾਬ ਜੀ. ਐੱਸ. ਟੀ. ਰਿਟਰਨ ਦਾਖਲ ਕਰਨ ਦੇ ਮਾਮਲੇ 'ਚ ਦੇਸ਼ ਭਰ ਵਿੱਚੋਂ ਮੋਹਰੀ ਸੂਬਾ ਬਣ ਗਿਆ ਹੈ। ਦੱਸ ਦਸਏ ਕਿ ਸੂਬੇ ਦੇ ਕਾਰੋਬਾਰੀਆਂ ਨੇ 89.83 ਫੀਸਦੀ ਰਿਟਰਨਾਂ ਦਾਖਲ ਕਰਕੇ ਰਿਕਾਰਡ ਕਾਇਮ ਕਰ ਦਿੱਤਾ ਹੈ। ਸੂਬੇ ਨੇ ਦੇਸ਼ ਦੀ ਕੁੱਲ ਔਸਤ 73 ਫੀਸਦੀ ਨਾਲੋਂ 16.83 ਫੀਸਦੀ ਵੱਧ ਰਿਟਰਨਾਂ ਦਾਖਲ ਕੀਤੀਆਂ ਹਨ।
ਸੂਬੇ ਦੇ ਅਧਿਕਾਰੀਆਂ ਨੂੰ ਆਸ ਹੈ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਵੱਧ ਮਾਲੀਆ ਆਵੇਗਾ ਤੇ ਸੂਬੇ ਦੀ ਵਿੱਤੀ ਹਾਲਤ ਸੁਧਰੇਗੀ। ਜਾਣਕਾਰੀ ਮੁਤਾਬਕ ਰਿਟਰਨਾਂ ਦਾਖਲ ਕਰਨ 'ਚ ਛੋਟਾ ਲਕਸ਼ਦੀਪ ਸੂਬਾ ਸਭ ਤੋਂ ਪਿੱਛੇ ਹੈ, ਇਸ ਨੇ ਸਿਰਫ 28 ਫੀਸਦੀ ਹੀ ਰਿਟਰਨਾਂ ਦਾਖਲ ਕੀਤੀਆਂ ਹਨ। ਪੰਜਾਬ ਤੋਂ ਬਾਅਦ 82 ਫੀਸਦੀ ਰਿਟਰਨਾਂ ਦਾਖਲ ਕਰਨ ਸੁੰਦਰ ਸ਼ਹਿਰ ਚੰਡੀਗੜ੍ਹ ਦੂਜੇ ਨੰਬਰ 'ਤੇ ਹੈ।
ਗੁਆਂਢੀ ਸੂਬੇ ਹਰਿਆਣਾ 'ਚ ਸਿਰਫ 77 ਫੀਸਦੀ ਨੇ ਹੀ ਰਿਟਰਨਾਂ ਦਾਖਲ ਕੀਤੀਆਂ ਹਨ। ਸੂਬਾ ਸਰਕਾਰ ਨੂੰ ਆਬਕਾਰੀ ਟੈਕਸ ਤੋਂ ਅਜੇ ਤੱਕ 1100 ਕਰੋੜ ਰੁਪਏ ਮਿਲੇ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ ਡੇਢ ਸੌ ਕਰੋੜ ਰੁਪਏ ਘੱਟ ਹਨ।
ਸੂਬਾ ਸਰਕਾਰ ਦਾ ਇਕਜੁੱਟ ਜੀ. ਐੱਸ. ਟੀ. ਵਿੱਚੋਂ ਬਣਦਾ ਹਿੱਸਾ ਅਜੇ ਬਕਾਇਆ ਹੈ ਅਤੇ ਉਹ ਹਿੱਸਾ ਮਿਲਣ ਨਾਲ ਸੂਬਾ ਸਰਕਾਰ ਦੀ ਆਮਦਨ 'ਚ ਪੱਚੀ ਤੋਂ ਤੀਹ ਫੀਸਦੀ ਵਾਧਾ ਹੋਣ ਦੇ ਆਸਾਰ ਹਨ। ਪਿਛਲੇ ਸਾਲ ਆਬਕਾਰੀ ਵਿਭਾਗ ਦੀ ਆਮਦਨ 'ਚ 7 ਤੋਂ 8 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।