ਪਿਛਲੇ ਸ਼ੁੱਕਰਵਾਰ ਨੂੰ ਹੋਈ ਵਸਤੂ ਅਤੇ ਸੇਵਾ ਟੈਕਸ ਪ੍ਰੀਸ਼ਦ ਦੀ ਬੈਠਕ ‘ਚ ਕਈ ਚੀਜ਼ਾਂ ‘ਤੇ ਟੈਕਸ ਘੱਟ ਕੀਤਾ ਗਿਆ ਸੀ। ਸਰਕਾਰ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਨੂੰ ਸੌਖਾ ਟੈਕਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਸਰਕਾਰ ਵਸਤੂ ਅਤੇ ਸੇਵਾ ਟੈਕਸ ਦੇ 28 ਫੀਸਦੀ ਦਾਇਰੇ ‘ਚ ਆਉਣ ਵਾਲੀਆਂ ਰੋਜ਼ਾਨਾ ਜ਼ਰੂਰਤ ਦੀਆਂ ਕਈ ਚੀਜ਼ਾਂ ਨੂੰ 12 ਜਾਂ 18 ਫੀਸਦੀ ਵਾਲੇ ਦਾਇਰੇ ‘ਚ ਪਾ ਸਕਦੀ ਹੈ।
ਇਸ ਦਾ ਮਤਲਬ ਹੈ ਕਿ ਜੀ. ਐੱਸ. ਟੀ. ਪ੍ਰੀਸ਼ਦ ਦੀ ਅਗਲੀ ਬੈਠਕ ‘ਚ ਕੁਝ ਹੋਰ ਚੀਜ਼ਾਂ ਵੀ ਸਸਤੀਆਂ ਹੋ ਸਕਦੀਆਂ ਹਨ। ਸੂਤਰਾਂ ਮੁਤਾਬਕ, ਚਾਕਲੇਟ, ਸ਼ੇਵਿੰਗ ਕ੍ਰੀਮ, ਆਫਟਰ ਸ਼ੇਵ, ਵਾਲਾਂ ਦਾ ਸ਼ੈਂਪੂ, ਸਨਸਕ੍ਰੀਨ ਕ੍ਰੀਮ, ਸੇਰੇਮਿਕ ਟਾਇਲਸ, ਵਾਸ਼ਿੰਗ ਮਸ਼ੀਨ, ਵੈਕਿਊਮ ਕਲੀਨਰ, ਸ਼ਾਵਰਸ ਅਤੇ ਪੇਂਟ ‘ਤੇ ਵਸਤੂ ਅਤੇ ਸੇਵਾ ਟੈਕਸ ਦੀ ਦਰ ਘੱਟ ਹੋ ਸਕਦੀ ਹੈ।
ਸਰਕਾਰ 28 ਫੀਸਦੀ ਵਾਲੇ ਦਾਇਰੇ ‘ਚ ਸ਼ਾਮਲ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਸਮੀਖਿਆ ਕਰ ਰਹੀ ਹੈ, ਜੋ ਸਿੱਧੇ ਤੌਰ ‘ਤੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੀਆਂ ਹਨ।ਵਿੱਤ ਮੰਤਰਾਲੇ ਦੇ ਉੱਚ ਅਧਾਕਰੀਆਂ ਦਾ ਕਹਿਣਾ ਹੈ ਕਿ ਵਸਤੂ ਅਤੇ ਸੇਵਾ ਟੈਕਸ ਲਾਗੂ ਕਰਦੇ ਸਮੇਂ ਆਮਦਨੀ ‘ਤੇ ਜ਼ਿਆਦਾ ਧਿਆਨ ਸੀ। ਉਦੋਂ ਇਸ ਦਾ ਗੱਲ ਦਾ ਖਿਆਲ ਰੱਖਿਆ ਗਿਆ ਸੀ ਕਿ ਵਸਤੂ ਅਤੇ ਸੇਵਾ ਟੈਕਸ ਲਾਗੂ ਹੋਣ ‘ਤੇ ਸੂਬਿਆਂ ਦੀ ਕਮਾਈ ਕਿਸੇ ਵੀ ਤਰ੍ਹਾਂ ਨਾਲ ਘੱਟ ਨਾ ਹੋਵੇ।
ਇਸ ਲਈ ਕਈ ਚੀਜ਼ਾਂ ਨੂੰ 28 ਫੀਸਦੀ ਟੈਕਸ ਦੇ ਦਾਇਰੇ ‘ਚ ਰੱਖਿਆ ਗਿਆ ਸੀ ਪਰ ਹੁਣ ਸਰਕਾਰ ਕੁਝ ਚੀਜ਼ਾਂ ‘ਤੇ ਟੈਕਸ ਦਰ ਘੱਟ ਕਰਨ ਬਾਰੇ ਵਿਚਾਰ ਕਰ ਰਹੀ ਹੈ। ਜਾਣਕਾਰੀ ਮੁਤਾਬਕ, ਜ਼ਿਆਦਾ ਮਾਲੀਆ ਦੇਣ ਵਾਲੇ ਸਾਮਾਨਾਂ ਅਤੇ ਲਗਜ਼ਰੀ ਚੀਜ਼ਾਂ ‘ਤੇ ਵਸਤੂ ਅਤੇ ਸੇਵਾ ਟੈਕਸ ਘੱਟ ਨਹੀਂ ਹੋਵੇਗਾ। ਹਾਲਾਂਕਿ ਉਨ੍ਹਾਂ ਸਾਮਾਨਾਂ ‘ਤੇ ਜੀ. ਐੱਸ. ਟੀ. ਘੱਟ ਹੋ ਸਕਦਾ ਹੈ ਜਿਨ੍ਹਾਂ ਦੀ ਵਰਤੋਂ ਦੇਸ਼ ਦੀ ਵੱਡੀ ਆਬਾਦੀ ਕਰਦੀ ਹੈ।