ਨਵੀਂ ਦਿੱਲੀ: ਟੈਲੀਕਾਮ ਸੈਕਟਰ ‘ਚ ਧਮਾਕੇਦਾਰ ਆਫਰਾਂ ਨਾਲ ਐਂਟਰੀ ਕਰਨ ਵਾਲੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਪ੍ਰੀਪੇਡ ਗ੍ਰਾਹਕਾਂ ਲਈ ਜਲਦ ਹੀ ਨਵਾਂ ਆਫਰ ਲਿਆਉਣ ਵਾਲੀ ਹੈ। ਲਾਂਚ ਤੋਂ ਬਾਅਦ ਸ਼ੁਰੂਆਤੀ ਦਿਨਾਂ ‘ਚ ਮੁਫਤ ਇੰਟਰਨੈਟ ਸੇਵਾ ਦੇ ਕੇ ਇੱਕੋ ਝਟਕੇ ‘ਚ ਲੱਖਾਂ ਗ੍ਰਾਹਕਾਂ ਨੂੰ ਆਪਣੇ ਨਾਲ ਜੋੜਨ ਵਾਲੀ ਜੀਓ ਨੇ ਵਧਦੇ ਇੰਟਰਨੈੱਟ ਦੇ ਇਸਤੇਮਾਲ ਨੂੰ ਦੇਖਦੇ ਹੋਏ ਨਵੇਂ ਆਫਰ ਦਾ ਐਲਾਨ ਕੀਤਾ ਹੈ।
ਰਿਲਾਇੰਸ ਜੀਓ ਦੀ ਵੈੱਬਸਾਈਟ ਮੁਤਾਬਕ ਗ੍ਰਾਹਕਾਂ ਦੀ ਅਲੱਗ-ਅਲੱਗ ਡਾਟਾ ਦੀ ਮੰਗ ਨੂੰ ਵੇਖਦੇ ਹੋਏ ਕੰਪਨੀ ਨੇ ਨਵੇਂ ਪਲੈਨ ਲਾਂਚ ਕੀਤੇ ਹਨ। ਜੀਓ ਦੀ ਡਾਟਾ ਕ੍ਰਾਂਤੀ ਤੋਂ ਬਾਅਦ ਟੈਲੀਕਾਮ ਸੈਕਟਰ ਦੀਆਂ ਦੂਜੀਆਂ ਕੰਪਨੀਆਂ ਵੀ ਲਗਾਤਾਰ ਨਵੇਂ ਆਫਰ ਲਿਆ ਕੇ ਜੀਓ ਨੂੰ ਟੱਕਰ ਦੇ ਰਹੀਆਂ ਹਨ।
ਇਸ ਨੂੰ ਵੇਖਦੇ ਹੋਏ ਜੀਓ ਆਪਣੇ ਗ੍ਰਾਹਕਾਂ ਲਈ ਹਾਈ ਸਪੀਡ ਵਾਲਾ ਨਵਾਂ ਪਲੈਨ ਲਿਆਉਣ ਲਈ ਮਜਬੂਰ ਹੈ।
ਜੀਓ ਦੀ ਵੈੱਬਸਾਈਟ ਮੁਤਾਬਕ 2 ਜੀਬੀ ਹਾਈ ਸਪੀਡ ਡਾਟਾ ਰੋਜ਼ਾਨਾ ਦੇ ਨਾਲ ਜੀਓ ਦਾ ਪਹਿਲਾ ਪਲੈਨ 509 ਰੁਪਏ ਦਾ ਹੈ। ਇਸ ਪਲੈਨ ਤਹਿਤ ਗਾਹਕਾਂ ਨੂੰ ਫਰੀ ਅਨਲਿਮਟਿਡ ਲੋਕਲ ਤੇ ਐਸਟੀਡੀ ਕਾਲ, ਮੈਸੇਜ ਤੇ ਫਰੀ ਰੋਮਿੰਗ ਦੀ ਸੁਵਿਧਾ ਮਿਲੇਗੀ।
ਇਸ ਪਲੈਨ ‘ਚ 98 ਜੀਬੀ ਡਾਟਾ ਇਸਤੇਮਾਲ ਕੀਤਾ ਜਾ ਸਕਦਾ ਹੈ। ਦੋ ਜੀਬੀ ਤੱਕ ਹਾਈ ਸਪੀਡ ਡਾਟਾ ਇਸਤੇਮਾਲ ਕਰਨ ਤੋਂ ਬਾਅਦ ਡਾਟਾ ਸਪੀਡ ਘੱਟ ਹੋ ਕੇ 64 ਕੇਬੀਪੀਐਸ ਰਹਿ ਜਾਵੇਗੀ। ਇਸ ਦੀ ਵੈਲੀਡਿਟੀ 49 ਦਿਨ ਹੋਵੇਗੀ।