ਪੰਜਾਬ ਸਰਕਾਰ ਵੱਲੋਂ ਕਰਜਾ ਮੁਆਫ਼ੀ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਦੇ ਕਿਸਾਨ ਤੋਂ ਬਾਅਦ ਵਿੱਚ ਪਿੰਡ ਖੋਖਰ ਕਲਾਂ ਦੇ ਕਿਸਾਨ ਨੇ ਖੁਦਕੁਸ਼ੀ ਕਰ ਲਈ।ਕਰਜੇ ਦੇ ਚੱਲਦਿਆਂ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਦੇ 32 ਸਾਲਾ ਦੇ ਕਿਸਾਨ ਗੁਰਨੈਬ ਸਿੰਘ ਨੇ ਫਾਹਾ ਲੈ ਕੇ ਅਤੇ ਬਾਅਦ ਵਿੱਚ ਪਿੰਡ ਖੋਖਰ ਕਲਾਂ ਦੇ 45 ਸਾਲਾਂ ਦੇ ਕਿਸਾਨ ਬਿੰਦਰ ਸਿੰਘ ਨੇ ਰੇਲ ਗੱਡੀ ਥੱਲੇ ਆ ਕੇ ਆਪਣੀ ਜਾਨ ਦੇ ਦਿੱਤੀ।
ਮ੍ਰਿਤਕ ਗੁਰਨੈਬ ਸਿੰਘ ਦੇ ਚਾਚਾ ਹਰਗਿਆਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਬੈਂਕ ਅਤੇ ਆੜਤੀ ਸਮੇਤ ਕਰੀਬ 5 ਲੱਖ ਦਾ ਕਰਜਾ ਸੀ। ਜਿਸ ਦੇ ਚਲਦਿਆ ਉਸਨੇ ਪ੍ਰੇਸ਼ਾਨੀ ਕਾਰਨ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।ਬਿੰਦਰ ਸਿੰਘ ਦੇ ਚਚੇਰੇ ਭਰਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਮਰਨ ਵਾਲਾ ਕਰਜੇ ਕਾਰਣ ਪ੍ਰੇਸ਼ਾਨ ਰਹਿੰਦਾ ਸੀ ਤੇ ਉਸਨੇ ਰੇਲ ਗੱਡੀ ਥੱਲੇ ਆ ਕੇ ਜਾਨ ਦੇ ਦਿੱਤੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਗੋਰਾ ਸਿੰਘ ਨੇ ਸਰਕਾਰ ਕੋਲੋਂ ਕਰਜ ਸੰਬੰਧੀ ਠੋਸ ਨੀਤੀ ਬਣਾਏ ਜਾਣ ਦੀ ਮੰਗ ਕਰਦਿਆ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦਕੁਸ਼ੀਆਂ ਦਾ ਰਾਹ ਛੱਡ ਦੇਣ ਕਿਉਂਕਿ ਖੁਦਕੁਸ਼ੀ ਕੋਈ ਹੱਲ ਨਹੀਂ ਬਲਕਿ ਆਪਣਾ ਹੱਕ ਲੈਣ ਲਈ ਸ਼ੰਘਰਸ ਕਰਨਾ ਚਾਹੀਂਦਾ ਹੈ। ਅਤੇ ਸਰਕਾਰ ਨੂੰ ਵੀ ਸਵਾਲ ਕੀਤਾ ਹੈ ਕਿ ਆਖਿਰ ਕਿਸਾਨ ਕਦੋਂ ਤੱਕ ਗਲਾ ਵਿੱਚ ਰੱਸੇ ਪਾ ਕੇ ਝੂਲਦੇ ਰਹਿਣਗੇ ?