ਕਬੂਤਰਬਾਜ਼ੀ ਮਾਮਲਾ - ਦਲੇਰ ਮਹਿਦੀ ਨੂੰ ਦੋ ਸਾਲ ਦੀ ਕੈਦ, ਮੌਕੇ 'ਤੇ ਮਿਲੀ ਜ਼ਮਾਨਤ

ਖਾਸ ਖ਼ਬਰਾਂ

ਪਟਿਆਲਾ, 16 ਮਾਰਚ (ਬਲਵਿੰਦਰ ਸਿੰਘ ਭੁੱਲਰ) : 15 ਸਾਲ ਪੁਰਾਣੇ ਕਬੂਤਰਬਾਜ਼ੀ ਦੇ ਮਾਮਲੇ ਵਿਚ ਮਾਣਯੋਗ  ਜੁਡੀਸ਼ੀਅਲ ਮੈਜਿਸਟਰੇਟ ਨਿਧੀ ਸੈਣੀ ਦੀ ਅਦਾਲਤ ਨੇ ਗਾਇਕ ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਦੋਂ ਕਿ ਇਸ ਮਾਮਲੇ ਵਿਚ ਬੁਲਬੁਲ ਮਹਿਤਾ ਨੂੰ ਬਰੀ ਕਰ ਦਿਤਾ ਗਿਆ। ਪੁਲਿਸ ਵਲੋਂ ਇਸ ਮਾਮਲੇ ਵਿਚ ਨਾਮਜ਼ਦ ਦੋ ਹੋਰ ਵਿਅਕਤੀਆਂ ਦਲੇਰ ਮਹਿੰਦੀ ਦੇ ਭਰਾ ਸ਼ਮਸ਼ੇਰ ਮਹਿੰਦੀ ਅਤੇ ਧਿਆਨ ਸਿੰਘ ਦੀ ਟਰਾਇਲ ਦੇ ਦੌਰਾਨ ਮੌਤ ਹੋ ਚੁੱਕੀ ਹੈ। 3 ਸਾਲ ਤੋਂ ਘੱਟ ਸਜ਼ਾ ਹੋਣ ਦੀ ਸੂਰਤ ਵਿਚ ਮੌਕੇ 'ਤੇ ਜ਼ਮਾਨਤ ਮਿਲਣ ਦੀ ਸਹੂਲਤ ਹੋਣ ਦੇ ਕਾਰਨ ਦਲੇਰ ਮਹਿੰਦੀ ਨੂੰ ਮੌਕੇ 'ਤੇ ਜ਼ਮਾਨਤ ਮਿਲ ਗਈ। ਦਲੇਰ ਮਹਿੰਦੀ ਨੇ ਮੌਕੇ 'ਤੇ 40 ਹਜ਼ਾਰ ਰੁਪਏ ਦਾ ਮਚਲਕਾ  ਭਰਿਆ ਅਤੇ ਆਪਣੇ ਵਕੀਲ ਦੀ ਗਰੰਟੀ ਪਾਈ। ਦਲੇਰ ਮਹਿੰਦੀ ਨੂੰ ਅਦਾਲਤ ਨੇ ਦੋ-ਦੋ ਸਾਲ ਅਤੇ ਇਕ-ਇਕ ਹਜ਼ਾਰ ਜੁਰਮਾਨਾ ਯਾਨੀ ਕਿ ਦੋ ਸਾਲ, ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ  ਸੁਣਾਈ ਹੈ।