ਕੰਧ ਤੋੜ ਕੇ ਗੁਰਦੁਆਰੇ ਅੰਦਰ ਜਾ ਵੜਿਆ ਬੇਕਾਬੂ ਟਰਾਲਾ

ਖਾਸ ਖ਼ਬਰਾਂ

ਦੇਵੀਗੜ੍ਹ, 28 ਦਸੰਬਰ (ਗੁਰਜੀਤ ਸਿੰਘ ਉਲਟਪੁਰ) : ਪਟਿਆਲਾ-ਚੀਕਾ ਮੁੱਖ ਮਾਰਗ 'ਤੇ ਅੱਜ ਸਵੇਰੇ ਕਰੀਬ 7 ਵਜੇ ਮੁੱਖ ਮਾਰਗ ਤੋਂ ਜਾਂਦੇ ਇਕ ਲੋਡਿਡ ਟਰਾਲਾ ਅਚਾਨਕ ਬੇਕਾਬੂ ਹੋ ਕੇ ਮਰਦਾਂਹੇੜੀ ਬੱਸ ਸਟਾਪ 'ਤੇ ਸਥਿਤ ਗੁਰਦੁਆਰਾ ਸਾਹਿਬ ਦੀ ਕੰਧ ਤੋੜ ਕੇ ਗੁਰਦੁਆਰਾ ਸਾਹਿਬ ਅੰਦਰ ਜਾ ਵੜਿਆ ਤੇ ਇਸ ਦੌਰਾਨ ਟਰਾਲੇ ਦੀ ਚਪੇਟ 'ਚ ਆਉਣ ਨਾਲ ਚਾਰ ਨੌਜਵਾਨ ਗੰਭੀਰ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਪਟਿਆਲਾ-ਚੀਕਾ ਮਰਦਾਂਹੇੜੀ ਬੱਸ ਸਟਾਪ 'ਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਸੇਵਾ ਚੱਲ ਰਹੀ ਸੀ ਤੇ ਇਸ ਦੌਰਾਨ ਮੁੱਖ ਮਾਰਗ 'ਤੇ ਪਟਿਆਲਾ ਵਾਲੀ ਸਾਈਡ ਤੋਂ ਇਕ ਲੋਡਿਡ ਟਰਾਲਾ (ਐਚ.ਆਰ. 56 6617)

 ਆ ਰਿਹਾ ਸੀ ਤੇ ਇਸ ਦੌਰਾਨ ਅਚਾਨਕ ਟਰਾਲਾ ਬੇਕਾਬੂ ਹੋ ਗਿਆ ਤੇ ਮੁੱਖ ਮਾਰਗ 'ਤੇ ਸਥਿਤ ਗੁਰਦੁਆਰਾ ਸਾਹਿਬ ਦੀ ਕੰਧ ਤੋੜ ਕੇ ਗੁਰੁਦੁਆਰਾ ਸਾਹਿਬ ਦੇ ਅੰਦਰ ਜਾ ਵੜਿਆ। ਇਸ ਦੌਰਾਨ ਗੁਰੂ ਘਰ ਦੇ ਅੰਦਰ ਲੰਗਰ ਦੀ ਸੇਵਾ ਕਰ ਰਹੇ ਚਾਰ ਨੌਜਵਾਨ ਪ੍ਰਦੀਪ ਸਿੰਘ (22), ਹਰਜਿੰਦਰ ਸਿੰਘ (25), ਗੁਰਵਿੰਦਰ ਸਿੰਘ (22), ਵਰਿੰਦਰ ਸਿੰਘ (23) ਇਸ ਟਰਾਲੇ ਦੀ ਚਪੇਟ 'ਚ ਆ ਗਏ ਇਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਲੰਗਰ ਦੀ ਸੇਵਾ ਕਰ ਰਹੇ ਲੋਕਾਂ ਦੀ ਮਦਦ ਨਾਲ ਇਸ ਘਟਨਾ 'ਚ ਜ਼ਖ਼ਮੀ ਹੋਏ ਚਾਰ ਨੌਜਵਾਨਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾ ਦਿਤਾ ਸੀ। ਪੁਲਿਸ ਚੌਂਕੀ ਬਲਬੇੜ੍ਹਾ ਦੇ ਇੰਚਾਰਜ ਬਲਜੀਤ ਸਿੰਘ ਨੇ ਦਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਤੇ ਜ਼ਖ਼ਮੀ ਨੌਜਵਾਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।