ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ

ਖਾਸ ਖ਼ਬਰਾਂ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਉਹ ਗੁਰਦਾਸਪੁਰ ਦੀ ਪਾਰਲੀਮਾਨੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਦਾ ਮੁੱਦਾ ਵਿਚਾਰਣਗੇ। ਉੱਚ ਕਾਂਗਰਸੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਦਿੱਲੀ 'ਚ ਹੀ ਰੁਕੇ ਹੋਏ ਹਨ ਅਤੇ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਅਤੇ ਮੀਤ ਪ੍ਰਧਾਨ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਹੈ। 

ਮੁੱਖ ਮੰਤਰੀ ਵੱਲੋਂ ਐਤਵਾਰ ਨੂੰ ਦਿੱਲੀ 'ਚ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਮਾਮਲਿਆਂ ਦੀ ਇੰਚਾਰਜ ਸ੍ਰੀਮਤੀ ਆਸ਼ਾ ਕੁਮਾਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਇਸ ਮਾਮਲੇ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਉਮੀਦਵਾਰ ਦੀ ਚੋਣ ਲਈ ਕਾਂਗਰਸੀ ਰਿਵਾਇਤ ਅਨੁਸਾਰ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਦੇਣ ਦਾ ਫੈਸਲਾ ਲਿਆ ਗਿਆ। 

ਪੰਜਾਬ ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਵੱਲੋਂ ਉਮੀਦਵਾਰ ਦੀ ਚੋਣ ਸਬੰਧੀ ਐਲਾਨ 19 ਜਾਂ 20 ਸਤੰਬਰ ਨੂੰ ਕੀਤਾ ਜਾਵੇਗਾ। ਪਾਰਟੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਵੱਲੋਂ ਵੱਖ-ਵੱਖ ਖੇਤਰਾਂ 'ਚ ਕੁੱਝ ਇਕ ਨਾਮਵਰ ਸ਼ਖਸੀਅਤਾਂ ਨੂੰ ਵੀ ਪਾਰਟੀ ਉਮੀਦਵਾਰ ਬਣਾਉਣ ਸਬੰਧੀ ਮਗਰਲੇ ਸਮੇਂ ਦੌਰਾਨ ਗੱਲਬਾਤ ਕੀਤੀ ਸੀ ਪਰ ਇਸ ਸਬੰਧੀ ਕੋਈ ਸਫਲਤਾ ਨਾ ਮਿਲਣ ਕਾਰਨ ਪਾਰਟੀ ਵੱਲੋਂ ਪੰਜਾਬ ਦੇ ਹੀ ਕਿਸੇ ਨਾਮਵਰ ਆਗੂ ਨੂੰ ਇਸ ਹਲਕੇ ਤੋਂ ਉਮੀਦਵਾਰ ਰੱਖਣ ਦਾ ਫੈਸਲਾ ਲਿਆ ਸੀ, ਕਿਉਂਕਿ ਪਾਰਟੀ ਕੋਲ ਹਲਕੇ 'ਚੋਂ ਕੋਈ ਅਜਿਹਾ ਸਿਰਕੱਢ ਆਗੂ ਨਹੀਂ ਹੈ, ਜੋ ਸਮੁੱਚੇ ਆਗੂਆਂ ਅਤੇ ਧੜਿਆਂ ਨੂੰ ਨਾਲ ਲੈ ਕੇ ਚੱਲ ਸਕੇ। 

ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਧੜੇ ਵੱਲੋਂ ਹਾਲਾਂਕਿ ਹਲਕੇ 'ਚੋਂ ਹੀ ਕੋਈ ਉਮੀਦਵਾਰ ਮੈਦਾਨ 'ਚ ਉਤਾਰਣ ਦੀ ਮੰਗ ਕੀਤੀ ਗਈ ਹੈ ਪਰ ਕਾਂਗਰਸੀ ਹਲਕਿਆਂ ਦਾ ਮੰਨਣਾ ਹੈ ਕਿ ਪਾਰਟੀ ਹਾਈ ਕਮਾਂਡ ਵੱਲੋਂ ਟਿਕਟ ਉਸੇ ਉਮੀਦਵਾਰ ਨੂੰ ਦਿੱਤੀ ਜਾਵੇਗੀ, ਜਿਸ ਦੀ ਸਿਫਾਰਿਸ਼ ਮੁੱਖ ਮੰਤਰੀ ਵੱਲੋਂ ਕੀਤੀ ਜਾਵੇਗੀ, ਕਿਉਂਕਿ ਪਾਰਟੀ ਹਾਈ ਕਮਾਂਡ ਚਾਹੁੰਦੀ ਹੈ ਕਿ ਮੁੱਖ ਮੰਤਰੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਅਤੇ ਇਸ ਮੰਤਵ ਲਈ ਹਲਕੇ 'ਚ ਲਗਾਤਾਰ ਬੈਠ ਕੇ ਚੋਣ ਮੁਹਿੰਮ ਦੀ ਕਮਾਂਡ ਖੁਦ ਆਪ ਸੰਭਾਲਣ ਤਾਂ ਜੋ ਪਾਰਟੀ ਦੇ ਸਾਰੇ ਧੜੇ ਇਕਜੁੱਟ ਹੋ ਕੇ ਕੰਮ ਕਰਨ।