ਨਵੀਂ ਦਿੱਲੀ— ਸਸਤੀ ਕਣਕ ਦੀ ਦਰਾਮਦ ਵਧਣ ਨਾਲ ਘਰੇਲੂ ਜਿਣਸ ਬਾਜ਼ਾਰ ਡਗਮਗਾਉਣ ਲੱਗਾ ਹੈ। ਕੀਮਤਾਂ ਪਿਛਲੇ ਸਾਲ ਦੇ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਵੀ ਹੇਠਾਂ ਬੋਲੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਸਸਤੀ ਦਰਾਮਦ ਵਧਣ ਨਾਲ ਪਿਛਲੇ ਐੱਮ. ਐੱਸ. ਪੀ. ਤੋਂ ਕੀਮਤਾਂ 100-200 ਰੁਪਏ ਪ੍ਰਤੀ ਕੁਇੰਟਲ ਘੱਟ ਬੋਲੀਆਂ ਜਾ ਰਹੀਆਂ ਹਨ।
ਪਿਛਲੀ ਕਣਕ ਦਾ ਸਮਰਥਨ ਮੁੱਲ 1625 ਰੁਪਏ ਹੈ ਅਤੇ ਕਿਸਾਨਾਂ ਨੂੰ ਬਿਜਾਈ ਲਈ ਉਤਸ਼ਾਹਤ ਕਰਨ ਲਈ ਮੌਜੂਦਾ ਹਾੜ੍ਹੀ ਸੀਜ਼ਨ 'ਚ ਕਣਕ ਦਾ ਐੱਮ. ਐੱਸ. ਪੀ. 110 ਰੁਪਏ ਵਧਾ ਕੇ 1735 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਐੱਮ. ਐੱਸ. ਪੀ. 'ਚ ਵਾਧੇ ਨਾਲ ਸਸਤੀ ਕਣਕ ਦੀ ਦਰਾਮਦ ਵਧਣ ਦਾ ਖਦਸ਼ਾ ਹੈ।
ਹਾਲਾਂਕਿ ਸਰਕਾਰ ਨੇ ਘਰੇਲੂ ਕੀਮਤਾਂ ਐੱਮ. ਐੱਸ. ਪੀ. ਤੋਂ ਹੇਠਾਂ ਨਾ ਆਉਣ ਇਸ ਵਾਸਤੇ ਕਣਕ 'ਤੇ ਦਰਾਮਦ ਡਿਊਟੀ ਦੁਗਣੀ ਵਧਾ ਕੇ 20 ਫੀਸਦੀ ਕਰ ਦਿੱਤੀ ਹੈ ਪਰ ਪਹਿਲੀ 10 ਫੀਸਦੀ ਡਿਊਟੀ 'ਤੇ ਕਾਫੀ ਕਣਕ ਆਰਡਰ ਹੋ ਚੁੱਕੀ ਹੈ।ਉੱਥੇ ਹੀ, ਜਿਨ੍ਹਾਂ ਸੂਬਿਆਂ 'ਚ ਕਣਕ ਦੀ ਪੈਦਾਵਾਰ ਨਹੀਂ ਹੁੰਦੀ ਹੈ, ਉੱਥੇ ਸਸਤੀ ਦਰਾਮਦ ਪਹਿਲਾਂ ਤੋਂ ਹੀ ਤੇਜ਼ੀ ਫੜ ਰਹੀ ਹੈ ਜਦੋਂ ਕਿ ਸਰਕਾਰੀ ਏਜੰਸੀ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੇ ਗੋਦਾਮ ਕਣਕ ਨਾਲ ਤੁੰਨ-ਤੁੰਨ ਕੇ ਭਰੇ ਹੋਏ ਹਨ।
ਖੁੱਲ੍ਹੇ ਬਾਜ਼ਾਰ 'ਚ ਕਣਕ ਵੇਚਣ ਦੀ ਐੱਫ. ਸੀ. ਆਈ. ਦੀ ਯੋਜਨਾ (ਓ. ਐੱਮ. ਐੱਸ. ਐੱਸ.) ਦਾ ਪ੍ਰਦਰਸ਼ਨ ਤਸੱਲੀਬਖਸ਼ ਨਹੀਂ ਹੈ। ਉਧਰ ਕੌਮਾਂਤਰੀ ਬਾਜ਼ਾਰ 'ਚ ਕਣਕ ਦੀ ਭਰਪੂਰ ਉਪਲਬਧਤਾ ਅਤੇ ਮੰਗ 'ਚ ਕਮੀ ਹੋਣ ਦੀ ਵਜ੍ਹਾ ਨਾਲ ਕੀਮਤਾਂ ਧਰਾਤਲ 'ਤੇ ਹਨ।
ਇਹੀ ਕਾਰਨ ਹੈ ਕਿ ਖਪਤਕਾਰ ਸੂਬਿਆਂ 'ਚ ਕਣਕ ਦੀ ਮੰਗ ਨੂੰ ਸਸਤੀ ਦਰਾਮਦ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਸ ਦਾ ਖਮਿਆਜ਼ਾ ਘਰੇਲੂ ਬਾਜ਼ਾਰ ਨੂੰ ਭੁਗਤਣਾ ਪੈ ਰਿਹਾ ਹੈ। ਕਣਕ ਉਤਪਾਦਕ ਸੂਬੇ ਉੱਤਰ ਪ੍ਰਦੇਸ਼ 'ਚ ਕੀਮਤ 1400 ਤੋਂ 1500 ਰੁਪਏ ਪ੍ਰਤੀ ਕੁਇੰਟਲ ਬੋਲੀ ਜਾ ਰਹੀ ਹੈ ਜਦੋਂ ਕਿ ਪਿਛਲੇ ਸਾਲ ਦਾ ਐੱਮ. ਐੱਸ. ਪੀ. 1625 ਰੁਪਏ ਹੈ। ਅਜਿਹੇ 'ਚ ਚੰਗੇ ਮੁੱਲ ਦੀ ਆਸ 'ਚ ਬੈਠੇ ਕਿਸਾਨਾਂ ਨੂੰ ਬਾਜ਼ਾਰ ਦਾ ਸਮਰਥਨ ਨਾ ਮਿਲਣ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ।
ਪਹਿਲੀ ਵਾਰ ਉੱਤਰ ਪ੍ਰਦੇਸ਼ ਨੇ ਵੀ ਕੀਤੀ ਜੰਮ ਕੇ ਸਰਕਾਰੀ ਖਰੀਦ
ਪਿਛਲੇ ਹਾੜ੍ਹੀ ਸੀਜ਼ਨ 'ਚ ਕਣਕ ਦੀ ਫਸਲ ਸਭ ਤੋਂ ਜ਼ਿਆਦਾ 9.6 ਕਰੋੜ ਟਨ ਰਹੀ ਹੈ। ਉਸੇ ਅਨੁਸਾਰ ਸਰਕਾਰੀ ਏਜੰਸੀਆਂ ਨੇ ਕਣਕ ਦੀ ਖਰੀਦ ਵੀ ਜੰਮ ਕੇ ਕੀਤੀ ਹੈ। ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੀ ਤਰਜ਼ 'ਤੇ ਪਹਿਲੀ ਵਾਰ ਉੱਤਰ ਪ੍ਰਦੇਸ਼ ਨੇ ਵੀ ਜੰਮ ਕੇ ਸਰਕਾਰੀ ਖਰੀਦ ਕੀਤੀ ਹੈ। ਇਸੇ ਕਾਰਨ ਸਰਕਾਰੀ ਗੋਦਾਮ ਭਰ ਗਏ ਪਰ ਸਰਕਾਰੀ ਖਰੀਦ ਕੁਲ ਫਸਲ ਦੇ ਮੁਕਾਬਲੇ 20 ਫ਼ੀਸਦੀ ਨਾਲੋਂ ਥੋੜ੍ਹੀ ਜ਼ਿਆਦਾ ਹੀ ਹੁੰਦੀ ਹੈ। ਬਾਕੀ ਕਣਕ ਖੁੱਲ੍ਹੇ ਬਾਜ਼ਾਰ 'ਚ ਹੀ ਕਿਸਾਨ ਆਪਣੀ ਸਹੂਲਤ ਅਤੇ ਜ਼ਰੂਰਤ ਦੇ ਹਿਸਾਬ ਨਾਲ ਵੇਚਦੇ ਹਨ।
ਉਧਰ, ਸੂਤਰਾਂ ਮੁਤਾਬਕ ਵੱਖ-ਵੱਖ ਬੰਦਰਗਾਹਾਂ 'ਤੇ ਹੁਣ ਤੱਕ 15 ਲੱਖ ਟਨ ਦਰਾਮਦ ਕੀਤੀ ਕਣਕ ਪਹੁੰਚ ਚੁੱਕੀ ਹੈ ਜਦੋਂ ਕਿ ਇਸ ਤੋਂ ਕਿਤੇ ਜ਼ਿਆਦਾ ਕਣਕ ਦਾ ਸੌਦਾ ਹੋ ਚੁੱਕਾ ਹੈ, ਜਿਸ ਦਾ ਇਕ ਵੱਡਾ ਹਿੱਸਾ ਕਿਸੇ ਵੀ ਵੇਲੇ ਬੰਦਰਗਾਹਾਂ 'ਤੇ ਪਹੁੰਚ ਸਕਦਾ ਹੈ। ਕਣਕ ਦਰਾਮਦ 'ਤੇ ਸਮਾਂ ਰਹਿੰਦੇ ਲਗਾਮ ਨਾ ਲਾਈ ਗਈ ਤਾਂ ਘਰੇਲੂ ਬਾਜ਼ਾਰ ਦਾ ਹੁਲੀਆ ਵਿਗੜ ਸਕਦਾ ਹੈ।