ਚੰਡੀਗੜ੍ਹ: ਹਰਿਆਣਾ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਅੱਜ ਵਿਧਾਨ ਸਭਾ ਦੇ ਬਾਹਰ ਪਕੌੜਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵਿਰੋਧ ਪ੍ਰਦਰਸ਼ਨ ਵਿੱਚ ਆ ਕੇ ਪਕੌੜਿਆਂ ਦਾ ਸਵਾਦ ਚੱਖਿਆ।ਮੁੱਖ ਮੰਤਰੀ ਨੇ ਰਸਮੀ ਤੌਰ ‘ਤੇ ਪਕੌੜਾ ਖਾਣ ਤੋਂ ਬਾਅਦ ਕਾਂਗਰਸ ਦੇ ਵਿਧਾਇਕਾਂ ਨੂੰ 10 ਰੁਪਏ ਦਿੱਤੇ। ਹਾਲਾਂਕਿ ਕਾਂਗਰਸ ਵਿਧਾਇਕਾਂ ਨੇ ਉਨ੍ਹਾਂ ਤੋਂ 50 ਰੁਪਇਆਂ ਦੀ ਮੰਗ ਕੀਤੀ।
ਖੱਟਰ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਚੰਗੇ ਰੁਜ਼ਗਾਰ ਲੱਗੇ ਹੋਏ ਹਨ ਤੇ ਲੋਕਤੰਤਰ ‘ਚ ਸਭ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ।
ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਪਕੌੜੇ ਵੇਚਣਾ ਵੀ ਰੁਜ਼ਗਾਰ ਹੈ ਤੇ ਇਸ ਤੋਂ ਬਾਅਦ ਹੀ ਕਾਂਗਰਸ ਨੇ ਦੇਸ਼ ਭਰ ‘ਚ ਮੋਦੀ ਸਰਕਾਰ ਖ਼ਿਲਾਫ ਪਕੌੜਾ ਪ੍ਰਦਰਸ਼ਨ ਕੀਤੇ ਸਨ। ਉਸੇ ਦਾ ਹੀ ਅਸਰ ਹੈ ਕਿ ਹਰਿਆਣਾ ਕਾਂਗਰਸ ਨੇ ਵਿਧਾਨ ਸਭਾ ਸਾਹਮਣੇ ਪ੍ਰਦਰਸ਼ਨ ਕੀਤਾ ਹੈ।