ਜਲਾਲਾਬਾਦ-ਫ਼ਾਜ਼ਿਲਕਾ ਸੜਕ ਤੇ ਕਾਲੂ ਵਾਲਾ ਝੁੱਗੇ ਦੇ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਕਾਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਚੱਕ ਸੁਖੇਰਾ ਅਤੇ ਇਸ ਦੀ ਪਤਨੀ ਅਮਰਜੀਤ ਕੌਰ ਦੀ ਮੌਤ ਹੋਈ ਹੈ। ਅੱਜ ਸਵੇਰੇ ਪਤੀ ਪਤਨੀ ਆਪਣੇ ਪਿੰਡ ਤੋਂ ਸ਼ਹਿਰ ਵਿਖੇ ਆ ਰਹੇ ਸੀ ਅਤੇ ਜਦੋਂ ਫ਼ਾਜ਼ਿਲਕਾ ਸੜਕ ਤੇ ਮੋਟਰਸਾਈਕਲ ਲੈ ਕੇ ਆਏ ਤਾਂ ਕਾਰ ਨਾਲ ਟੱਕਰ ਹੋ ਗਈ। ਕਾਰ ਚਾਲਕ ਹੀ ਇਹਨਾਂ ਨੂੰ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਲੈ ਕੇ ਆਇਆ।
ਸਿਵਲ ਹਸਪਤਾਲ ਜਲਾਲਾਬਾਦ ਵਿਖੇ ਮੁੱਢਲੇ ਇਲਾਜ ਤੋਂ ਬਾਅਦ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤੇ ਗਏ। ਪਰ ਹਾਲਤ ਜ਼ਿਆਦਾ ਨਾਜ਼ਕ ਹੋਣ ਕਰਕੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਪਤੀ ਪਤਨੀ ਦੋਨਾਂ ਦੀ ਮੌਤ ਹੋ ਗਈ। ਕਾਰਵਾਈ ਕਰਨ ਲਈ ਪੁਲਸ ਮੁਲਾਜ਼ਮ ਮੌਕੇ ਤੇ ਹਾਜ਼ਰ ਸਨ।
ਉਥੇ ਹੀ ਅੱਜ ਦਸੂਹਾ ਨੇੜੇ ਟੱਰਕ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋਣ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 2 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 4 ਦੇ ਕਰੀਬ ਲੋਕ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜ਼ਖਮੀਆਂ ਨੂੰ ਉਥੇ ਮੌਜੂਦ ਲੋਕਾਂ ਵੱਲੋਂ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਉਥੇ ਹੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਸਬੰਧਤ ਪੁਲਸ ਵੱਲੋਂ ਹਾਦਸੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਇਨ੍ਹਾਂ 'ਚੋਂ ਇਕ ਨੂੰ ਜਲੰਧਰ ਤੇ ਇਕ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਹੈ।