“ਕਰਜ਼ਾ ਮੁਕਤੀ ਦਾ ਵਾਅਦਾ ਪੂਰਾ ਕੀਤਾ ਹੈ ਤੇ ਹੁਣ ਖੇਤ ਮਜ਼ਦੂਰਾਂ ਦਾ ਕਰਜ਼ਾ ਤੇ ਨੌਜਵਾਨਾਂ ਦਾ ਰੁਜ਼ਗਾਰ ਮੇਰੇ ਏਜੰਡੇ ‘ਤੇ ਹੈ। ਆਰਥਿਕ ਹਾਲਾਤ ਠੀਕ ਹੋਣ ‘ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਹੋਵੇਗਾ।” ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਸਾ ‘ਚ ਰਾਜ ਪੱਧਰੀ ਕਰਜ਼ਾ ਮੁਕਤੀ ਪ੍ਰੋਗਰਾਮ ‘ਚ ਇਹ ਗੱਲ ਕਹੀ ਹੈ।
ਉਨ੍ਹਾਂ ਕਿਹਾ, “ਅੱਜ 47,000 ਕਿਸਾਨਾਂ ਦਾ ਕਰਜ਼ਾ ਮੁਆਫ ਹੋ ਗਿਆ ਹੈ ਤੇ ਹੁਣ ਅਸੀਂ 5 ਏਕੜ ਵਾਲੇ ਕਿਸਾਨਾਂ ਵੱਲ ਧਿਆਨ ਦੇਵਾਂਗੇ।” ਉਨ੍ਹਾਂ ਕਿਹਾ, “ਅਸੀਂ ਵਾਅਦਾ ਕੀਤਾ ਸੀ ਤੇ ਪੂਰਾ ਕਰ ਦਿੱਤਾ ਹੈ। ਸਾਨੂੰ ਸਰਕਾਰ ‘ਚ ਆਉਣ ਤੋਂ ਪਹਿਲਾਂ ਨਹੀਂ ਪਤਾ ਸੀ ਕਿ ਆਰਥਿਕ ਹਾਲਤ ਏਨੀ ਮਾੜੀ ਹੈ। ਇਸ ਦੇ ਬਾਵਜੂਦ ਅਸੀਂ ਕਰਜ਼ ਮਾਫ ਕੀਤਾ।”
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਮਦਦ ਨਹੀਂ ਕੀਤੀ ਹੈ। ਕੈਪਟਨ ਨੇ ਕਿਹਾ ਕਿ ਅਮੀਰ ਕਿਸਾਨਾਂ ਦਾ ਕਰਜ਼ ਮਾਫ ਨਹੀਂ ਹੋਵੇਗਾ। ਬਾਦਲ ਜਿਹੇ ਲੋਕਾਂ ਨੂੰ ਕਰਜ਼ੇ ਦੀ ਕੋਈ ਲੋੜ ਨਹੀਂ।ਉਨ੍ਹਾਂ ਕਿਹਾ ਕਿ ‘ਆਪ’ ਤੇ ਕਿਸਾਨ ਯੂਨੀਅਨ ਵਾਲੇ ਬੱਸ ਵਿਰੋਧ ਕਰਨਾ ਜਾਣਦੇ ਹਨ ਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਅਸੀਂ ਆਪਣੇ ਵਿਤੋਂ ਬਾਹਰ ਜਾ ਕੇ ਇਹ ਫ਼ੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਨੇ ਵੀ ਕੋਈ ਮਦਦ ਨਹੀਂ ਦਿੱਤੀ। ਕੈਪਟਨ ਨੇ ਕਿਹਾ ਕਿ ਜਿਨ੍ਹਾਂ ਦਾ ਲਿਸਟ ਵਿੱਚ ਨਾਂ ਨਹੀਂ ਆਇਆ, ਉਹ ਘਬਰਾਉਣ ਨਾ। ਉਨ੍ਹਾਂ ਦਾ ਬਣਦਾ ਕਰਜ਼ਾ ਮੁਆਫ ਹੋਵੇਗਾ। ਉਨ੍ਹਾਂ ਕਿਹਾ ਕਿਸਾਨ ਮੈਨੂੰ ਵੀ ਮਿਲ ਸਕਦੇ ਹਨ ਤੇ ਸਾਡੇ ਵਿਧਾਇਕ ਵੀ ਉਨ੍ਹਾਂ ਲਈ ਹਾਜ਼ਰ ਹਨ।