ਕਰੇਨ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਪੁਲ ਦਾ ਇਕ ਛੋਟਾ ਹਿੱਸਾ ਡਿੱਗਿਆ

ਖਾਸ ਖ਼ਬਰਾਂ

ਰਾਮਪੁਰਾ ਫੂਲ, 23 ਦਸੰਬਰ (ਕੁਲਜੀਤ ਸਿੰਘ ਢੀਂਗਰਾ): ਬੀਤੀ ਸ਼ਾਮ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਰੇਲਵੇ ਫ਼ਾਟਕਾਂ 'ਤੇ ਚਲ ਰਹੇ ਨਿਰਮਾਣ ਕਾਰਜਾਂ ਵਿਚ ਕਰੇਨ ਆਪ੍ਰੇਟਰ ਅਤੇ ਮੁਲਾਜ਼ਮਾਂ ਦੀ ਕਥਿਤ ਲਾਪ੍ਰਵਾਹੀ ਕਾਰਨ ਪੁਲ ਦਾ ਇਕ ਛੋਟਾ ਹਿੱਸਾ ਹੇਠਾਂ ਡਿੱਗਣ ਕਾਰਨ ਟੁਟ ਗਿਆ। ਚੰਗੀ ਗੱਲ ਇਹ ਰਹੀ ਕਿ ਪਿਛਲੇ ਦਿਨੀਂ ਲੋਕ ਨਿਰਮਾਣ ਵਿਭਾਗ ਵਲੋਂ ਰੇਲਵੇ ਪੁਲ ਬਣਨ ਕਾਰਨ ਇਥੋਂ ਦੀ ਟ੍ਰੈਫ਼ਿਕ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਸਨ ਜਿਸ ਕਾਰਨ ਉਕਤ ਹਿੱਸਾ ਡਿੱਗਣ ਕਾਰਨ ਕੋਈ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ। ਇਸ ਮਾਮਲੇ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਭੰਡਾਰੀ ਨੇ ਕਿਹਾ ਕਿ ਮੁਲਾਜ਼ਮਾਂ ਦੀ ਲਾਪ੍ਰਵਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪਰ ਵੱਡੇ ਪ੍ਰਾਜੈਕਟਾਂ

 ਅੰਦਰ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਹੋ ਜਾਂਦੀਆਂ ਹਨ। ਪਰ ਫਿਰ ਵੀ ਉਹ ਮੌਕਾ ਦੇਖ ਕੇ ਆਏ ਹਨ। ਸਥਿਤੀ ਨੂੰ ਸੰਭਾਲ ਕੇ ਅੱਗੇ ਤੋਂ ਅਜਿਹੀ ਊਣਤਾਈ ਨਾ ਆਏ ਦਿਸ਼ਾ ਨਿਰਦੇਸ਼ ਦਿਤੇ ਜਾ ਰਹੇ ਹਨ। ਇਸ ਮਾਮਲੇ ਸਬੰਧੀ ਪਟੇਲ ਕੰਪਨੀ ਦੇ ਨੁਮਾਇੰਦਿਆਂ ਨੇ ਦਸਿਆ ਕਿ ਕਰੇਨ ਆਪ੍ਰ੍ਰੇਟਰ ਅਤੇ ਸਬੰਧਤ ਅਮਲੇ ਤੋਂ ਪੁਲ ਦਾ ਹਿੱਸਾ ਥੱਲੇ ਡਿੱਗ ਪਿਆ ਪਰ ਕੰਪਨੀ ਵਲੋਂ ਪ੍ਰਬੰਧ ਪਹਿਲਾ ਹੀ ਅਜਿਹੀ ਸਥਿਤੀ ਨੂੰ ਨਜਿੱਠਣ ਲਈ ਕੀਤੇ ਗਏ ਸਨ ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਜਲਦੀ ਹੀ ਇਕ ਮਜ਼ਬੂਤ ਪੁਲ ਮਿਲੇਗਾ।