ਕਰੋੜਾਂ ਦੀ ਡਰੱਗ ਤਸਕਰੀ ਦਾ ਮਾਮਲਾ

ਖਾਸ ਖ਼ਬਰਾਂ

ਐਸ.ਏ.ਐਸ. ਨਗਰ, 2 ਫ਼ਰਵਰੀ (ਪ੍ਰਭਸਿਮਰਨ ਸਿੰਘ ਘੱਗਾ) : ਕਰੋੜਾਂ ਰੁਪਏ ਦੇ ਡਰਗ ਤਸਕਰੀ ਦੇ ਮਾਮਲੇ ਦੀ ਸ਼ੁਕਰਵਾਰ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਹੋਈ। ਇਸ ਦੌਰਾਨ ਸਾਬਕਾ ਡੀ.ਐਸ.ਪੀ. ਜਗਦੀਸ਼ ਭੋਲਾ ਤੇ ਬਾਕੀ ਸਾਰੇ ਮੁਲਜ਼ਮ ਅਦਾਲਤ ਵਿਚ ਪੇਸ਼ ਹੋਏ।ਜਾਣਕਾਰੀ ਅਨੁਸਾਰ ਮੁਲਜ਼ਮ ਦੇ ਵਕੀਲ ਧਰਮਿੰਦਰ ਸਿੰਘ ਮਾਨ ਨੇ ਦਸਿਆ ਕਿ ਇਹ ਮਾਮਲਾ 2013 ਵਿਚ ਐਫ਼.ਆਈ.ਆਰ. ਨੂੰ 56 ਬਨੂੜ ਵਿਚ ਦਰਜ ਹੋਇਆ ਸੀ ਉਹ ਕੇਸ ਦੀ ਅੱਜ ਸੁਣਵਾਈ ਹੋਈ ਹੈ। ਸੁਣਵਾਈ ਦੌਰਾਨ ਅਦਾਲਤ ਵਿਚ ਪੁਲਿਸ ਦੁਆਰਾ ਸਤਿੰਦਰ ਸਿੰਘ ਧਾਮਾ ਤੋਂ ਬਰਾਮਦ ਹੋਈ ਵਰਨਾ ਕਾਰ ਤੇ ਮੁਲਜ਼ਮਾਂ ਦੀ ਕਾਰ 'ਚੋਂ ਬਰਾਮਦ ਹੋਈ ਬਲੈਰੋ ਕਾਰ ਦੀ ਆਰ.ਸੀ. ਦਾ ਰੀਕਾਰਡ ਲੈ ਕੇ ਫ਼ਰੀਦਕੋਟ ਤੇ ਗੁਰੂਗ੍ਰਾਮ ਦੇ ਡੀ.ਟੀ.ਓ. (ਐਸ.ਡੀ.ਐਮ.) ਦਫਤਰ ਦੇ ਕਲਰਕ ਅਦਾਲਤ ਵਿਚ ਪੇਸ਼ ਹੋਏ।

 ਫਰੀਦਕੋਟ ਦੇ ਕਲਰਕ ਵਲੋਂ ਬਲੈਰੋ ਕਾਰ ਦਾ ਰੀਕਾਰਡ ਪੇਸ਼ ਕੀਤਾ ਗਿਆ ਉਥੇ ਹੀ, ਗੁਰੂਗ੍ਰਾਮ ਡੀ.ਟੀ.ਓ. (ਐਸ.ਡੀ.ਐਮ.) ਦਫਤਰ ਦੇ ਕਲਰਕ ਵਲੋਂ ਧਾਮੇ ਤੋਂ ਬਰਾਮਦ ਹੋਈ ਚੋਰੀ ਦੀ ਵਰਨਾ ਕਾਰ ਦਾ ਰੀਕਾਰਡ ਪੇਸ਼ ਕੀਤਾ ਗਿਆ ਜੋ ਕਿ 2008 ਤੋਂ ਲੈ ਕੇ ਹੁਣ ਤਕ ਰਮੇਸ਼ ਸ਼ਰਮਾ ਦੇ ਨਾਂ 'ਤੇ ਰਜਿਸਟਰ ਹੈ। ਵਕੀਲ ਦਾ ਕਹਿਣਾ ਹੈ ਕਿ ਪੁਲਿਸ ਨੇ ਕਿਹਾ ਸੀ ਕਿ ਧਾਮੇ ਤੋਂ ਚੋਰੀ ਦੀ ਕਾਰ ਬਰਾਮਦ ਕੀਤੀ ਸੀ, ਪਰ ਹੁਣ ਤਕ ਪੂਰੇ ਦੇਸ਼ ਵੀ ਕਿਤੇ ਵੀ ਕਾਰ ਦਾ ਚੋਰੀ ਹੋਣ ਦਾ ਕੇਸ ਦਰਜ ਨਹੀਂ ਹੋਇਆ ਹੈ ਤੇ ਪੁਲਿਸ ਦੁਆਰਾ ਜਿਸ ਦੇ ਨਾਮ 'ਤੇ ਕਾਰ ਹੈ ਉਸ ਨੂੰ ਵੀ ਗਵਾਹ ਨਹੀਂ ਬਣਾਇਆ ਗਿਆ ਹੈ। ਅਦਾਲਤ ਨੇ ਅਗਲੀ ਸੁਣਵਾਈ 6 ਫ਼ਰਵਰੀ ਦੀ ਤੈਅ ਕਰ ਦਿਤੀ ਹੈ।