ਕਤਲ ਕਰਨ ਮਗਰੋਂ ਜਿਉਂਦੀਆਂ ਸਾੜੀਆਂ ਮਾਵਾਂ-ਧੀਆਂ

ਖਾਸ ਖ਼ਬਰਾਂ

ਅੰਮ੍ਰਿਤਸਰ : ਇੱਥੇ ਵਹਿਸ਼ਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਮਾਵਾਂ-ਧੀਆਂ ਦਾ ਕਤਲ ਕਰਕੇ ਉਨ੍ਹਾਂ ਨੂੰ ਜਿੰਦਾ ਸਾੜ ਦਿੱਤਾ ਗਿਆ। ਇਸ ਘਟਨਾ ਤੋਂ ਪਹਿਲਾਂ ਉਨ੍ਹਾਂ ਨਾਲ ਜਬਰ ਜਨਾਹ ਕੀਤੇ ਜਾਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ, ਪਰ ਅਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀ ਹੋ ਸਕੀ ਹੈ। 

ਇਹ ਵੀ ਕਿਹਾ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਨੇ ਇਸ ਘਟਨਾ ਤੋਂ ਬਾਅਦ ਘਰ ਨੂੰ ਵੀ ਅੱਗ ਲੱਗਾ ਦਿੱਤੀ।ਇਹ ਮੰਦਭਾਗੀ ਘਟਨਾ ਪਿੰਡ ਸੁਲਤਾਨਵਿੰਡ ਨੇੜੇ ਦਰਸ਼ਨ ਐਵਿਨਿਊ ਦੀ ਹੈ। ਇਸ ਘਟਨਾ ਨੂੰ ਦੇਰ ਰਾਤ ਅੰਜ਼ਾਮ ਦਿੱਤਾ ਗਿਆ। ਦੱਸਿਆ ਜਾ ਰਿਹੈ ਹੈ ਕਿ ਮ੍ਰਿਤਕ ਲੜਕੀ ਬੀ.ਐੱਡ ਦੀ ਵਿਦਿਆਰਥਣ ਸੀ ਜਦੋਂ ਕਿ ਉਸ ਦੀ ਮਾਂ ਸਿੱਖਿਆ ਵਿਭਾਗ ਵਿਚ ਅਧਿਕਾਰੀ ਸੀ।

ਉਧਰ ਇਸ ਘਟਨ ਦਾ ਪਤਾ ਲੱਗਣ 'ਤੇ ਪੁਲਿਸ ਕਮਿਸ਼ਨਰ ਨੇ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਫਿਲਹਾਲ ਉਨ੍ਹਾਂ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।

ਭਾਵੇਂ ਸੂਬਾ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਹੋਣ ਦੇ ਵੱਡੇ -ਵੱਡੇ ਦਾਅਵੇ ਕਰਦੀ ਹੈ, ਪਰ ਇਸ ਘਟਨਾ ਤੋਂ ਸਰਕਾਰ ਦੇ ਦਾਅਵੇ ਨਿਰੇ ਹਕੀਕਤ ਤੋਂ ਕੋਹਾਂ ਦੂਰ ਜਾਪਦੇ ਹਨ। ਫਿਲਹਾਲ ਇਸ ਇਲਾਕੇ ਵਿਚ ਵਾਪਰੀ ਇਸ ਮੰਦਭਾਗੀ ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।