ਖੇਡਾਂ ਨੂੰ ਨਵੇਂ ਪੱਧਰ ਉੱਤੇ ਲੈ ਕੇ ਜਾਣ ਦੀ ਹੈ ਜ਼ਰੂਰਤ : ਰਾਜਵਰਧਨ ਰਾਠੌਰ

ਨਵੀਂ ਦਿੱਲੀ: ਭਾਰਤ ਦੀ ਮੇਜ਼ਬਾਨੀ ‘ਚ 6 ਤੋਂ 28 ਅਕਤੂਬਰ ਤੱਕ ਖੇਡੇ ਜਾਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਲਈ ਪੂਰੇ ਦੇਸ਼ ‘ਚ ਉਤਸ਼ਾਹ ਹੈ। ਖੇਡਾਂ ਨਾਲ ਜੁੜੇ ਸਾਰੇ ਲੋਕਾਂ ਨੂੰ ਭਾਰਤੀ ਖੇਡਾਂ ਨੂੰ ਹੁਣ ਨਵੇਂ ਪੱਧਰ ‘ਤੇ ਲਿਜਾਣਾ ਚਾਹੀਦਾ ਹੈ। ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਮੰਗਲਵਾਰ ਰਾਸ਼ਟਰੀ ਸਕੂਲ ਤੇ ਕਾਲਜ ਖੇਡਾਂ ਦੇ ਉਦਘਾਟਨ ਦਾ ਐਲਾਨ ਕੀਤਾ ਤੇ ਦੇਸ਼ ਭਰ ਤੋਂ ਨਵੀਆਂ ਪ੍ਰਤੀਭਾਵਾਂ ਨੂੰ ਲੱਭਣ ਦੀ ਪ੍ਰਤੀਬੱਧਤਾ ਦੁਹਰਾਈ। 

ਦਸੰਬਰ ਤੇ ਅਗਲੇ ਸਾਲ ਜਨਵਰੀ ‘ਚ ਹੋਣ ਵਾਲੀਆਂ ਸਕੂਲ ਤੇ ਕਾਲਜ ਖੇਡਾਂ ਦਾ ਮਕਸਦ ਦੇਸ਼ ਭਰ ਦੇ ਕੋਨੇ-ਕੋਨੇ ਤੋਂ ਨੌਜਵਾਨ ਪ੍ਰਤੀਭਾਵਾਂ ਨੂੰ ਲੱਭਣਾ ਹੈ। ਰਾਠੌਰ ਨੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਇਥੇ ਆਯੋਜਿਤ ਸਮਾਰੋਹ ਵਿਚ ਕਿਹਾ ਕਿ ਦੇਸ਼ ‘ਚ ਖੇਡਾਂ ਨੂੰ ਹੁਣ ਨਵੇਂ ਨਜ਼ਰੀਏ ਤੋਂ ਦੇਖੇ ਜਾਣ ਦੀ ਲੋੜ ਹੈ ਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਦਿਖਾਉਣ ਲਈ ਸਹੀ ਮੰਚ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ। 

ਖੇਡ ਮੰਤਰੀ ਨੇ ਕਿਹਾ ਕਿ ਅਸੀਂ ਜਿਸ ਤਰ੍ਹਾਂ ਖੇਡਾਂ ਨੂੰ ਦੇਖਦੇ ਹਾਂ, ਉਸ ਨੂੰ ਬਦਲਣ ਦੀ ਲੋੜ ਹੈ। ਸਰਕਾਰ ਨੌਜਵਾਨਾਂ ਨੂੰ ਆਪਣੇ ਵਲੋਂ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਠੌਰ ਨੇ ਕਿਹਾ ਕਿ ਸਰਕਾਰ ਦੇ ਇਸ ਟੀਚੇ ਨੂੰ ਧਿਆਨ ਵਿਚ ਰੱਖਦੇ ਹੋਏ ਪਹਿਲੀ ਵਾਰ ‘ਖੇਲੋ ਇੰਡੀਆ ਨੈਸ਼ਨਲ ਸਕੂਲ ਗੇਮਜ਼’ ਦਸੰਬਰ ਵਿਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਤੇ ਜਨਵਰੀ 2018 ਵਿਚ ਫਿਰ ‘ਖੇਲੋ ਇੰਡੀਆ ਨੈਸ਼ਨਲ ਕਾਲਜ ਗੇਮਜ਼’ ਸ਼ੁਰੂ ਕੀਤੀਆਂ ਜਾਣਗੀਆਂ।

ਇਹ ਸਾਲਾਨਾ ਹੋਣ ਵਾਲੀਆਂ ਖੇਡਾਂ ਹੋਣਗੀਆਂ ਤੇ ਇਸ ਦਾ ਮਕਸਦ ਸਕੂਲ ਤੇ ਕਾਲਜ ਦੇ ਪੱਧਰ ‘ਤੇ ਪ੍ਰਤਿਭਾਵਾਂ ਨੂੰ ਲੱਭਣਾ ਹੋਵੇਗਾ। ਕੇਂਦਰੀ ਖੇਡ ਮੰਤਰੀ ਨੇ ਨਾਲ ਹੀ ਦੱਸਿਆ ਕਿ ਇਨ੍ਹਾਂ ਖੇਡਾਂ ਨੂੰ ਕਾਰਪੋਰੇਟ ਤੋਂ ਵੀ ਮਦਦ ਮਿਲ ਰਹੀ ਹੈ ਤੇ ਇਨ੍ਹਾਂ ਦਾ ਟੀ. ਵੀ. ‘ਤੇ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਨੂੰ ਪ੍ਰਸਿੱਧ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਸਕੂਲ ਤੇ ਕਾਲਜ ਖੇਡਾਂ ਨੂੰ ਏਸ਼ੀਆ ਤੇ ਪੈਨ ਅਮਰੀਕਨ ਖੇਡਾਂ ਦੀ ਤਰਜ਼ ‘ਤੇ ਕਰਾਉਣਾ ਚਾਹੁੰਦੇ ਹਾਂ। 

ਇਨ੍ਹਾਂ ਖੇਡਾਂ ਤੋਂ ਹੀ ਅਸੀਂ ਉਨ੍ਹਾਂ 1000 ਬੱਚਿਆਂ ਨੂੰ ਚੁਣਾਂਗੇ, ਜਿਨ੍ਹਾਂ ਨੂੰ ਅਗਲੇ 8 ਸਾਲਾਂ ਤਕ ਟ੍ਰੇਨਿੰਗ ਲਈ ਪੰਜ ਲੱਖ ਰੁਪਏ ਦੀ ਸਹੂਲਤ ਦਿੱਤੀ ਜਾਵੇਗੀ ਤੇ ਹਰ ਸਾਲ ਇਸ ‘ਚ 1000 ਹੋਰ ਬੱਚਿਆਂ ਨੂੰ ਸ਼ਾਮਲ ਕਰ ਲਿਆ ਜਾਵੇਗਾ।ਰਾਠੌਰ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿਚ ਚਮਤਕਾਰ ਨਹੀਂ ਹੁੰਦੇ। ਸਾਨੂੰ ਨੌਜਵਾਨ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਲੱਭਣਾ ਪਵੇਗਾ, ਜਿਹੜੇ ਸਾਡੇ ਲਈ ਚਮਤਕਾਰ ਕਰ ਸਕਣ। 

ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਰਾਠੌਰ ਨੂੰ ਪਿਛਲੇ ਮਹੀਨੇ ਹੋਏ ਮੰਤਰੀ ਮੰਡਲ ਵਾਧੇ ‘ਚ ਵਿਜੇ ਗੋਇਲ ਦੀ ਜਗ੍ਹਾ ਨਵਾਂ ਖੇਡ ਮੰਤਰੀ ਬਣਾਇਆ ਗਿਆ ਹੈ। ਇਸ ਪ੍ਰੋਗਰਮ ਵਿਚ ਮੌਜੂਦ ਅੰਡਰ-17 ਵਿਸ਼ਵ ਕੱਪ ਦੇ ਖਿਡਾਰੀਆਂ ਨੇ ਖੇਡ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਤੇ ਕਪਤਾਨ ਅਮਰਜੀਤ ਸਿੰਘ ਕਿਆਮ ਨੂੰ ਯਾਦਗਾਰ ਚਿੰਨ੍ਹ ਵੀ ਭੇਟ ਕੀਤਾ ਗਿਆ। ਖੇਡ ਮੰਤਰੀ ਨੇ ਨਾਲ ਹੀ ਦੱਸਿਆ ਕਿ ਦਿੱਲੀ ਦੇ ਜਵਾਹਰ ਲਾਲ ਸਟੇਡੀਅਮ ਨੂੰ ਫੀਫਾ ਵਿਸ਼ਵ ਕੱਪ ਦੀ ਸਥਾਨਕ ਆਯੋਜਨ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। 

ਜਿਸ ਨੇ ਫੀਫਾ ਟੂਰਨਾਮੈਂਟ ਨੂੰ ਲੈ ਕੇ ਤਿਆਰੀਆਂ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਰਾਠੌਰ ਨੇ ਨਾਲ ਹੀ ਦੱਸਿਆ ਕਿ ਅੰਡਰ-17 ਵਿਸ਼ਵ ਕੱਪ ਨੂੰ ਲੈ ਕੇ ਟਿਕਟਾਂ ਦੀ ਵਿਕਰੀ ਵੀ ਕਾਫੀ ਤੇਜ਼ੀ ਨਾਲ ਹੋਈ ਹੈ ਤੇ ਸਾਫ ਹੈ ਕਿ ਦੇਸ਼ ਵਿਚ ਫੀਫਾ ਟੂਰਨਾਮੈਂਟ ਨੂੰ ਲੈ ਕੇ ਕਾਫੀ ਜੋਸ਼ ਹੈ।ਫੀਫਾ ਵਿਸ਼ਵ ਕੱਪ ਪਹਿਲੀ ਵਾਰ ਭਾਰਤ ਦੀ ਮੇਜ਼ਬਾਨੀ ਵਿਚ ਹੋ ਰਿਹਾ ਹੈ। 

ਇਸਦੇ ਮੁਕਾਬਲੇ 6 ਤੋਂ 28 ਅਕਤੂਬਰ ਤੱਕ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਖੇਡੇ ਜਾਣਗੇ। ਟੂਰਨਾਮੈਂਟ ਵਿਚ ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 6 ਅਕਤੂਬਰ ਨੂੰ ਅਮਰੀਕਾ ਵਿਰੁੱਧ ਕਰੇਗੀ। ਇਹ ਮੈਚ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਹੋਵੇਗਾ, ਜਿੱਥੇ ਕੋਲੰਬੀਆ ਤੇ ਘਾਨਾ ਦਾ ਵੀ ਇਕ ਹੋਰ ਮੈਚ ਖੇਡਿਆ ਜਾਵੇਗਾ।