ਚੰਡੀਗੜ- 9 ਫਰਵਰੀ : ਭਾਰਤ ਸਰਕਾਰ ਵੱਲੋਂ ਪਹਿਲੀ ਵਾਰ ਕਰਵਾਈਆਂ ਗਈਆਂ 'ਖੇਲੋ ਇੰਡੀਆ ਸਕੂਲ ਖੇਡਾਂ' ਵਿੱਚ ਪੰਜਾਬ ਦੇ ਖਿਡਾਰੀਆਂ ਨੇ 10 ਸੋਨੇ, 5 ਚਾਂਦੀ ਤੇ 20 ਕਾਂਸੀ ਦੇ ਤਮਗਿਆਂ ਸਮੇਤ ਕੁੱਲ 35 ਤਮਗੇ ਜਿੱਤ ਕੇ ਓਵਰ ਆਲ ਸੱਤਵਾਂ ਸਥਾਨ ਹਾਸਲ ਕੀਤਾ। ਬੀਤੀ ਸ਼ਾਮ ਨਵੀਂ ਦਿੱਲੀ ਵਿਖੇ ਸਮਾਪਤ ਹੋਈਆਂ ਇਨ੍ਹਾਂ ਖੇਡਾਂ ਵਿੱਚ 29 ਸੂਬਿਆਂ ਤੇ 6 ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਪੰਜਾਬ 35 ਟੀਮਾਂ ਵਿੱਚੋਂ ਸੱਤਵੇਂ ਨੰਬਰ 'ਤੇ ਰਿਹਾ।
ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਤਮਗਾ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਅਤੇ ਟੀਮ ਕੋਚਾਂ ਤੇ ਮੈਨੇਜਰਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਖਾਸ ਕਰ ਕੇ ਪ੍ਰਾਇਮਰੀ ਪੱਧਰ 'ਤੇ ਖੇਡ ਢਾਂਚਾ ਮਜ਼ਬੂਤ ਕੀਤਾ ਜਾ ਰਿਹਾ ਹੈ। ਜਿਸ ਨਾਲ ਆਉਂਦੇ ਭਵਿੱਖ ਵਿੱਚ ਹੋਰ ਵੀ ਚੰਗੇ ਨਤੀਜੇ ਆਉਣਗੇ। ਸ੍ਰੀਮਤੀ ਚੌਧਰੀ ਨੇ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਸੱਚੀ-ਸੁੱਚੀ ਖੇਡ ਭਾਵਨਾ ਨਾਲ ਹਿੱਸਾ ਲਿਆ ਅਤੇ ਆਪਣੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਤਮਗੇ ਨਾ ਜਿੱਤਣ ਵਾਲੇ ਖਿਡਾਰੀਆਂ ਨੂੰ ਅੱਗੇ ਵਾਸਤੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ।
ਪੰਜਾਬ ਦੇ ਖੇਡ ਦਲ ਦੇ ਮੁਖੀ ਅਤੇ ਸਿੱਖਿਆ ਵਿਭਾਗ ਦੇ ਖੇਡ ਵਿੰਗ ਦੇ ਸਟੇਟ ਆਰਗੇਨਾਈਜ਼ਰ ਸ੍ਰੀ ਰੁਪਿੰਦਰ ਰਵੀ ਨੇ 'ਖੇਲੋ ਇੰਡੀਆ ਸਕੂਲ ਖੇਡਾਂ' ਵਿੱਚ ਪੰਜਾਬ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਨੇ 10 ਸੋਨ ਤਮਗੇ ਜਿੱਤੇ ਜਿਨ੍ਹਾਂ ਵਿੱਚ ਬਾਸਕਟਬਾਲ 'ਚ ਮੁੰਡਿਆਂ ਨੇ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ 9 ਵਿਅਕਤੀਗਤ ਮੁਕਾਬਲਿਆਂ ਵਿੱਚ ਸੋਨ ਤਮਗੇ ਜਿੱਤੇ। ਇਨ੍ਹਾਂ ਵਿੱਚ ਅਥਲੀਟ ਚੰਨਵੀਰ ਕੌਰ ਨੇ 200 ਮੀਟਰ, ਮੁੱਕੇਬਾਜ਼ੀ ਵਿੱਚ ਕੋਮਲ ਤੇ ਏਕਤਾ ਸਰੋਜ, ਜੂਡੋ ਵਿੱਚ ਹਰਮਨਪ੍ਰੀਤ ਸਿੰਘ, ਮਨਪ੍ਰੀਤ, ਮਹਿਕਪ੍ਰੀਤ ਤੇ ਜਸਵੀਰ ਸਿੰਘ, ਤੀਰਅੰਦਾਜ਼ ਵਿਨਾਇਕ ਵਰਮਾ ਅਤੇ ਕੁਸ਼ਤੀ ਵਿੱਚ ਅਰਸ਼ਪ੍ਰੀਤ ਦੇ ਨਾਮ ਸ਼ਾਮਿਲ ਹਨ।