ਖੁਸ਼ਖਬਰੀ: ਹੁਣ ਲੁਧਿਆਣਾ ਤੋਂ ਵੀ ਭਰੀ ਜਾਵੇਗੀ ਉਡਾਣ

ਖਾਸ ਖ਼ਬਰਾਂ

ਸਾਹਨੇਵਾਲ: ਦਿੱਲੀ ਹੁਣ ਦੂਰ ਨਹੀਂ, ਤੁਸੀਂ ਹਵਾਈ ਸਫ਼ਰ ਰਾਹੀਂ ਸਿਰਫ 75 ਮਿੰਟ 'ਚ ਲੁਧਿਆਣਾ ਤੋਂ ਦਿੱਲੀ ਪਹੁੰਚ ਸਕਦੇ ਹੋ। ਸ਼ਨੀਵਾਰ ਤੋਂ ਪੰਜਾਬ ਦੇ ਸਾਹਨੇਵਾਲ ਅਤੇ ਦਿੱਲੀ ਵਿਚਕਾਰ ਹਵਾਈ ਸੇਵਾ ਦੀ ਸ਼ੁਰੂਆਤ ਹੋ ਗਈ ਹੈ। ਹੁਣ ਹਵਾਈ ਮਾਰਗ ਜ਼ਰੀਏ ਲੁਧਿਆਣਾ ਅਤੇ ਦਿੱਲੀ ਵਿਚਕਾਰ 315 ਕਿਲੋਮੀਟਰ ਦੀ ਦੂਰੀ ਸਿਰਫ 1 ਘੰਟਾ 15 ਮਿੰਟ ਯਾਨੀ 75 ਮਿੰਟ 'ਚ ਪੂਰੀ ਕੀਤੀ ਜਾ ਸਕੇਗੀ। 

ਦਿੱਲੀ-ਲੁਧਿਆਣਾ ਵਿਚਕਾਰ ਹਵਾਈ ਸੇਵਾ ਹਫਤੇ ਦੇ ਚਾਰ ਦਿਨ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲੱਬਧ ਹੋਵੇਗੀ। ਇਸ ਦੇ ਨਾਲ ਹੀ ਹਵਾਈ ਟਿਕਟ ਦੀ ਬੁਕਿੰਗ ਲਈ ਹਵਾਈ ਅੱਡੇ ਦੇ ਨਾਲ-ਨਾਲ ਆਨਲਾਈਨ ਬੁਕਿੰਗ ਕਰਾਉਣ ਦੀ ਸੁਵਿਧਾ ਵੀ ਉਪਲੱਬਧ ਹੋਵੇਗੀ। ਏਅਰ ਇੰਡੀਆ ਦੀ ਸਹਾਇਕ ਅਲਾਇੰਸ ਏਅਰ ਦਾ 70 ਸੀਟਰ ਜਹਾਜ਼ ਸੋਮਵਾਰ ਨੂੰ 3 ਵਜੇ ਦਿੱਲੀ ਤੋਂ ਰਵਾਨਾ ਹੋਵੇਗਾ ਅਤੇ ਸ਼ਾਮ 4.15 ਵਜੇ ਸਾਹਨੇਵਾਲ ਹਵਾਈ ਅੱਡੇ 'ਤੇ ਉਤਰੇਗਾ। ਸ਼ਾਮ 4.45 ਵਜੇ ਇਹ ਜਹਾਜ਼ ਦਿੱਲੀ ਲਈ ਉਡਾਣ ਭਰੇਗਾ ਅਤੇ 6 ਵਜੇ ਦਿੱਲੀ ਪਹੁੰਚ ਜਾਵੇਗਾ। 

ਦਿੱਲੀ-ਲੁਧਿਆਣਾ ਵਿਚਕਾਰ ਹਵਾਈ ਸੇਵਾ ਕੇਂਦਰ ਸਰਕਾਰ ਦੀ ਉਡਾਣ ਸਕੀਮ ਤਹਿਤ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮਕਸਦ ਸੂਬਿਆਂ ਵਿਚਕਾਰ ਹਵਾਈ ਸੰਪਰਕ ਵਧਾਉਣਾ ਹੈ, ਤਾਂ ਕਿ ਲੋਕ ਸਸਤੀ ਹਵਾਈ ਸੇਵਾ ਦਾ ਮਜ਼ਾ ਲੈ ਸਕਣ। ਉਡਾਣ ਸਕੀਮ ਤਹਿਤ ਪਹਿਲੀਆਂ 50 ਫੀਸਦੀ ਸੀਟਾਂ ਦਾ ਕਿਰਾਇਆ 2,500 ਰੁਪਏ ਹੋਵੇਗਾ। ਹਾਲਾਂਕਿ ਕਿਰਾਏ 'ਚ ਮੰਗ ਦੇ ਹਿਸਾਬ ਨਾਲ ਬਦਲਾਅ ਹੋ ਸਕਦਾ ਹੈ।