ਦੀਵਾਲੀ ਤੋਂ ਪਹਿਲਾਂ ਲੋਕਾਂ ਲਈ ਚੰਗੀ ਖਬਰ ਹੈ। ਜੇਕਰ ਤੁਹਾਡਾ ਖਰੀਦਿਆ ਹੋਇਆ ਸਮਾਨ ਖਰਾਬ ਨਿਕਲਦਾ ਹੈ, ਤਾਂ ਕੰਪਨੀ ਨੂੰ ਉਹ ਸਮਾਨ ਵਾਪਸ ਲੈਣਾ ਹੀ ਪਵੇਗਾ। ਕੇਂਦਰ ਸਰਕਾਰ ਦੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇਸ ਨਾਲ ਜੁੜਿਆ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਇਸ ਤਹਿਤ ਕੰਪਨੀ ਨੂੰ ਖਰਾਬ ਸਮਾਨ ਵਾਪਸ ਲੈਣਾ ਕਾਨੂੰਨੀ ਤੌਰ 'ਤੇ ਜ਼ਰੂਰੀ ਹੋਵੇਗਾ।
ਨਵਾਂ ਭਾਰਤੀ ਸਟੈਂਡਰਡ ਬਿਊਰੋ (ਬੀ. ਆਈ. ਐੱਸ.) ਐਕਟ 12 ਅਕਤੂਬਰ ਤੋਂ ਲਾਗੂ ਕੀਤਾ ਗਿਆ ਹੈ। ਇਸ ਨਾਲ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਗ੍ਰਾਹਕ ਆਪਣੇ ਅਧਿਕਾਰਾਂ ਦਾ ਜ਼ਿਆਦਾ ਇਸਤੇਮਾਲ ਕਰ ਸਕੇਗਾ।ਮਿਲਾਵਟੀ ਮਠਿਆਈਆਂ ਅਤੇ ਨਕਲੀ ਗਹਿਣੇ ਵੇਚਣ 'ਤੇ ਵੀ ਕਾਨੂੰਨ ਸਖਤ ਕੀਤਾ ਗਿਆ ਹੈ। ਲਾਈਸੈਂਸ ਵਾਲੇ ਗਹਿਣੇ ਵਿਕਰੇਤਾ ਹੁਣ ਬਿਨਾਂ ਹਾਲਮਾਰਕਿੰਗ ਦੇ ਸੋਨੇ ਦੇ ਗਹਿਣੇ ਨਹੀਂ ਵੇਚ ਸਕਣਗੇ।
ਇਸ ਨਿਯਮ ਤਹਿਤ ਸਾਰੇ ਗਹਿਣੇ ਵਿਕਰੇਤਾਵਾਂ ਨੂੰ ਬੀ. ਆਈ. ਐੱਸ ਕੋਲ ਰਜਿਸਟਰੇਸ਼ਨ ਕਰਾਉਣਾ ਹੋਵੇਗਾ। ਦੇਸ਼ ਭਰ ਵਿੱਚ ਕਰੀਬ 3 ਲੱਖ ਜ਼ਿਊਲਰਜ਼ ਹਨ, ਜਿਨ੍ਹਾਂ 'ਚੋਂ ਸਿਰਫ 20,000 ਨੇ ਬੀ. ਆਈ. ਐੱਸ ਕੋਲ ਰਜਿਸਟਰੇਸ਼ਨ ਕਰਾ ਰੱਖਿਆ ਹੈ। ਇਸ ਨੂੰ ਵੇਖਦੇ ਹੋਏ ਹਾਲਮਾਰਕਿੰਗ ਸੈਂਟਰਾਂ ਦੀ ਗਿਣਤੀ ਵਧਾਈ ਜਾਵੇਗੀ।
ਬੀ.ਆਈ. ਐੱਸ ਦੇ ਏ. ਡੀ. ਜੀ., ਸੀ. ਵੀ. ਸਿੰਘ ਨੇ ਦੱਸਿਆ ਕਿ ਇਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਨ੍ਹੂੰ ਠੀਕ ਤਰੀਕੇ ਨਾਲ ਅਮਲ ਵਿੱਚ ਲਿਆਉਣ ਲਈ ਅਸੀ ਨਵੇਂ ਨਿਯਮ ਛੇਤੀ ਐਲਾਨ ਕਰਾਂਗੇ।
ਸਾਮਾਨ ਦੀ ਖਰਾਬ ਕਵਾਲਿਟੀ ਦੀ ਸ਼ਿਕਾਇਤ ਸੁਣਨ ਲਈ ਅਥਾਰਿਟੀ ਦੀ ਗਿਣਤੀ ਵਧਾਈ ਜਾਵੇਗੀ, ਤਾਂ ਕਿ ਗਾਹਕਾਂ ਨੂੰ ਸਾਮਾਨ ਠੀਕ ਕਵਾਲਿਟੀ ਦੇ ਨਾਲ ਮਿਲ ਸਕਣ ਅਤੇ ਉਨ੍ਹਾਂ ਨੂੰ ਖਰਾਬ ਕਵਾਲਿਟੀ ਦੀ ਸ਼ਿਕਾਇਤ ਕਰਨ ਲਈ ਦੂਰ ਨਾ ਜਾਣਾ ਪਵੇ।ਉਹ ਸਿੱਧੇ ਅਥਾਰਿਟੀ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਾ ਸਕਣਗੇ।
ਜ਼ਿਕਰਯੋਗ ਹੈ ਕਿ ਲੋਕ ਸਭਾ ਵਿੱਚ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਸੀ ਕਿ ਗਹਿਣਾ ਵਿਕਰੇਤਾ ਹੁਣ ਗ੍ਰਾਹਕਾਂ ਨੂੰ ਚੂਨਾ ਨਹੀਂ ਲਾ ਸਕਣਗੇ। ਸਰਕਾਰ ਛੇਤੀ ਹੀ ਇਸ ਦੇ ਸਖਤ ਸਟੈਂਡਰਡ (ਮਿਆਰ) ਤੈਅ ਕਰਨ ਜਾ ਰਹੀ ਹੈ। ਸਰਕਾਰ ਹਾਲਮਾਰਕਿੰਗ ਕਾਨੂੰਨ ਵਿੱਚ ਪਹਿਲਾਂ ਹੀ ਸੋਧ ਕਰ ਚੁੱਕੀ ਹੈ।
ਹਾਲਮਾਰਕਿੰਗ ਦੇ ਫਾਇਦੇ ਦੀ ਗੱਲ ਕਰੀਏ ਤਾਂ ਤਿੰਨ ਕੈਟੇਗਿਰੀ 14, 18, 22 ਕੈਰਟ ਵਿੱਚ ਹਾਲਮਾਰਕਿੰਗ ਕੀਤੀ ਜਾਵੇਗੀ। ਹਾਲਮਾਰਕਿੰਗ ਨਾਲ ਸ਼ੁੱਧਤਾ ਪੱਕੀ ਹੋਵੇਗੀ। ਗਹਿਣੇ ਨੂੰ ਦੁਬਾਰਾ ਵੇਚਣ 'ਤੇ ਚੰਗੀ ਕੀਮਤ ਮਿਲੇਗੀ।ਮਿਲਾਵਟੀ ਸੋਨੇ ਦਾ ਡਰ ਖਤਮ ਹੋਵੇਗਾ। ਹਾਲਮਾਰਕਿੰਗ ਦੀ ਫੀਸ ਸੋਨੇ-ਚਾਂਦੀ ਦੇ ਭਾਰ ਦੇ ਆਧਾਰ 'ਤੇ ਨਹੀਂ ਲਈ ਜਾਵੇਗੀ ਸਗੋਂ ਹਰ ਪੀਸ ਲਈ 35 ਰੁਪਏ ਚਾਰਜ ਲੱਗੇਗਾ।
ਇੰਡਿਅਨ ਹਾਲਮਾਰਕਿੰਗ ਐਸੋਸੀਏਸ਼ਨ ਦੇ ਹਰਸ਼ਦ ਅਜਮੇਰਾ ਦਾ ਕਹਿਣਾ ਹੈ ਕਿ ਸਰਕਾਰ ਨੇ ਗਾਹਕਾਂ ਦੀ ਸਹੂਲਤ ਲਈ 3 ਤਰੀਕੇ ਨਾਲ ਹਾਲਮਾਰਕਿੰਗ ਕਰਨ ਦਾ ਫੈਸਲਾ ਕੀਤਾ ਹੈ।ਇਸ ਨਾਲ ਸੋਨੇ ਦੀ ਸ਼ੁੱਧਤਾ ਕਾਇਮ ਰਹੇਗੀ ਅਤੇ ਗ੍ਰਾਹਕ ਨਾਲ ਧੋਖਾ ਨਹੀਂ ਹੋਵੇਗਾ।