ਕੀ ਗੁਰਬਾਣੀ ਭੂਤਾਂ ਦੀ ਹੋਂਦ ਨੂੰ ਮੰਨਦੀ ਹੈ?

ਖਾਸ ਖ਼ਬਰਾਂ

ਜਦ ਤੋਂ ਇਸ ਧਰਤੀ ਤੇ ਜੀਵਾਂ ਦੀ ਪੈਦਾਇਸ਼ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤਕ ਦੇ ਅਰਸੇ ਦੌਰਾਨ ਕੁੱਝ ਪ੍ਰਾਣੀ-ਪ੍ਰਜਾਤੀਆਂ ਕਈ ਵਿਗਿਆਨਕ ਕਾਰਨਾਂ ਕਰ ਕੇ ਧਰਤੀ ਤੋਂ ਅਲੋਪ ਹੋ ਚੁਕੀਆਂ ਹਨ ਜਿਨ੍ਹਾਂ ਦੀ ਜਾਣਕਾਰੀ ਸਾਡੇ ਪ੍ਰਾਣੀ-ਵਿਗਿਆਨ ਕੋਲ ਮੌਜੂਦ ਹੈ। ਉਨ੍ਹਾਂ ਜੀਵਾਂ ਵਿਚੋਂ ਇਕ ਸੀ ਡਾਇਨਾਸੋਰ ਪ੍ਰਜਾਤੀ ਜਿਸ ਦੀ ਹੋਂਦ ਤਕਰੀਬਨ 30 ਕਰੋੜ ਸਾਲ ਪਹਿਲਾਂ ਹੋਣ ਦੇ ਸਬੂਤ ਸਾਡੇ ਵਿਗਿਆਨੀਆਂ ਕੋਲ ਹਨ। ਇਸ ਵਿਗਿਆਨਕ ਸੋਚ ਨੂੰ ਧਿਆਨ ਵਿਚ ਰੱਖ ਕੇ ਵਾਚੀਏ ਤਾਂ ਕਥਿਤ ਭੂਤ, ਪ੍ਰੇਤਾਂ, ਛਲੇਡਾ ਆਦਿ ਦੀ ਹੋਂਦ ਬਾਰੇ ਇਕ ਵੀ ਵਿਗਿਆਨਕ ਤੱਥ/ਪ੍ਰਮਾਣ ਨਹੀਂ ਮਿਲਦਾ। ਭਾਈ ਕਾਹਨ ਸਿੰਘ ਨਾਭਾ ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਹਨ। ਭੂਤ ਦੇ ਅਰਥ ਅਪਣੀ ਪ੍ਰਸਿੱਧ ਰਚਨਾ ਮਹਾਨ ਕੋਸ਼ ਵਿਚ ਕਈ ਰੂਪਾਂ ਵਿਚ ਕਰਦੇ ਹਨ ਜਿਵੇਂ ਬੀਤਿਆ ਸਮਾਂ, ਜੇਹਾ ਜਾਂ ਸਮਾਨ, ਗੁਜ਼ਰਿਆ, ਮੁਰਦਾ, ਸੰਸਾਰ, ਜਗਤ, ਨਿਚੋੜ, ਇਨਸਾਫ਼ ਆਦਿ। ਸੋ ਇਸ ਤੋਂ ਸਿੱਧ ਹੈ ਕਿ ਗੁਰਬਾਣੀ ਵਿਚ ਭੂਤ-ਪ੍ਰੇਤ ਇਕ ਹੀ ਨਹੀਂ ਬਲਕਿ ਕਈ ਅਰਥਾਂ ਵਿਚ ਇਸਤੇਮਾਲ ਕੀਤਾ ਗਿਆ ਹੈ। ਅਖੌਤੀ ਪ੍ਰਚਾਰਕਾਂ ਵਲੋਂ 'ਸੁਖਮਨੀ' ਬਾਣੀ ਦੀ ਦਸਵੀਂ ਪੰਕਤੀ 'ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਹ।।' ਨੂੰ ਆਧਾਰ ਬਣਾ ਕੇ ਸਮਾਜ ਵਿਚ ਅੰਧਵਿਸ਼ਵਾਸਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦਰਅਸਲ ਇਸ ਪੰਕਤੀ ਵਿਚ ਗੁਰੂ ਜੀ ਕੀ ਸਮਝਾ ਰਹੇ ਹਨ, ਇਹ ਸਮਝਣ ਲਈ ਇਸ ਅਸ਼ਟਪਦੀ ਵਿਚਲੀਆਂ 79 ਹੋਰ ਪੰਕਤੀਆਂ ਦੇ ਆਧਾਰ ਤੇ ਹੀ ਅਰਥ ਵਾਚਣੇ ਜ਼ਰੂਰੀ ਹਨ। ਅਖੌਤੀ ਪ੍ਰਚਾਰਕ ਤਾਂ ਉਸ ਇਕ ਪੰਕਤੀ ਦੇ ਅਰਥ ਸਪੱਸ਼ਟ ਨਹੀਂ ਕਰਦੇ। ਇਥੇ ਅਸੀ 79 ਪੰਕਤੀਆਂ ਦੇ ਸੰਦਰਭ ਵਿਚ ਵਾਚਣ ਦੀ ਕੋਸ਼ਿਸ਼ ਕਰਾਂਗੇ ਤਾਂ ਲੇਖ ਦਾ ਵਿਸਥਾਰ ਬਹੁਤ ਹੋ ਜਾਵੇਗਾ।ਸੋ ਹੁਣ ਅਸੀ ਵਾਚੀਏ ਕਿ ਗੁਰਬਾਣੀ ਮੁਤਾਬਕ ਭੂਤ-ਪ੍ਰੇਤਾਂ ਦੇ ਕੀ ਭਾਵ-ਅਰਥ ਹਨ। ਅਸੀ 6ਵੀਂ, 7ਵੀਂ ਜਮਾਤ ਵਿਚ ਇਹ ਚੰਗੀ ਤਰ੍ਹਾਂ ਸਿਖ ਲੈਂਦੇ ਹਾਂ ਕਿ ਸਮੇਂ ਜਾਂ ਕਾਲ ਦੇ ਤਿੰਨ ਮੁੱਖ ਰੂਪ ਹੁੰਦੇ ਹਨ। ਵਰਤਮਾਨ - ਜੋ ਚੱਲ ਰਿਹਾ ਹੈ, ਭਵਿੱਖ - ਜੋ ਆਉਣ ਵਾਲਾ ਹੈ, ਭੂਤ - ਜੋ ਬੀਤ ਗਿਆ ਹੈ। ਗੁਰੂ ਅਰਜਨ ਦੇਵ ਜੀ ਸਮੇਂ ਦੇ ਰੂਪ ਨੂੰ ਬਿਆਨ ਕਰਦੇ ਹਨ:-
ਹਰਿ ਜੀਉ ਅੰਤਰਜਾਮੀ ਜਾਨ।।
ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ।।
ਭਾਵ ਕਿ ਹੇ ਮਨੁੱਖ ਤੂੰ ਰੱਬ ਜੀ ਨੂੰ ਹਰ ਗੱਲ ਨੂੰ ਜਾਣਨ ਵਾਲਾ ਸਮਝ ਤੇ ਬੁਰੇ ਕਰਮ ਨਾ ਕਰ। ਬੁਰੇ ਕਰਮ ਕਰ ਕੇ ਤੂੰ ਮਨੁੱਖਾਂ ਤੋਂ ਛੁਪਾ ਲਵੇਂਗਾ ਪਰ ਤੇਰਾ ਬੀਤਿਆ (ਸਾਖੀ ਭੂਤ = ਬੀਤਿਆ ਗਵਾਹ) ਸਮਾਂ ਤੇਰੀ ਬੁਰਾਈ ਦਾ ਗਵਾਹ ਰਹੇਗਾ।
ਗੁਰਬਾਣੀ ਵਿਚ ਸਾਰੇ ਪ੍ਰਾਣੀ-ਜਗਤ ਲਈ ਵੀ ਭੂਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਭਾਵ ਹਰ ਪ੍ਰਾਣੀ ਨੂੰ ਵੀ ਭੂਤ ਕਿਹਾ ਗਿਆ ਹੈ। ਗੁਰੂ ਅਰਜਨ ਦੇਵ ਜੀ ਆਖਦੇ ਹਨ:-
ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ।।
ਇਥੇ ਵੀ 'ਸਰਬ' ਤੋਂ ਸਾਰਾ ਤੇ 'ਭੂਤ' ਤੋਂ ਪ੍ਰਾਣੀ 'ਜਗਤ' ਅਰਥ ਹੈ। ਸਿੱਖ ਧਰਮ ਵਿਚ ਇਕ ਸ਼ਬਦ ਪ੍ਰਚੱਲਤ ਹੈ। ਪੰਜ-ਭੂਤਕ ਸ੍ਰੀਰ। ਜਦੋਂ ਕਿਸੇ ਜੀਵ ਦੀ ਸਰੀਰਕ ਮੌਤ ਹੋ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਉਹ ਪੰਜ ਭੂਤਕ ਸਰੀਰ ਤਿਆਗ ਗਿਆ। ਇੱਥੇ ਸਿੱਧਾ ਸੰਕੇਤ ਪੰਜ ਤੱਤਾਂ ਵਲ ਹੈ। ਵਿਦਵਾਨਾਂ ਵਲੋਂ ਮੰਨਿਆ ਗਿਆ ਹੈ ਕਿ ਮਨੁੱਖੀ ਸ੍ਰੀਰ ਪੰਜ ਤੱਤਾਂ ਹਵਾ, ਅਗਨੀ, ਪਾਣੀ ਆਦਿ ਦਾ ਸੁਮੇਲ ਹੈ। ਗੁਰਬਾਣੀ ਵਿਚ ਵੀ ਇਨ੍ਹਾਂ ਦਾ ਜ਼ਿਕਰ ਆਉਂਦਾ ਹੈ:-
ਪਾਂਚ ਤੱਤ ਕੋ ਤਨ ਰਚਿਓ ਜਾਨਹੁ ਚਤੁਰ ਸੁਜਾਨ।।
ਇਨ੍ਹਾਂ ਪੰਜਾਂ ਭੂਤਾਂ (ਤੱਤਾਂ) ਦਾ ਅਪਣੇ ਸੋਮਿਆਂ ਅੰਦਰ ਸਮਾ ਜਾਣਾ ਹੀ ਮੌਤ ਹੈ। ਪੰਜ ਵਿਸ਼ੇ ਵਿਕਾਰਾਂ ਨੂੰ ਵੀ 'ਭੂਤ' ਦਾ ਨਾਂ ਦਿਤਾ ਹੈ। ਇਹ ਹਨ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ। ਵੈਸੇ ਪੰਜ ਵਿਕਾਰਾਂ ਅਤੇ ਤੱਤਾਂ ਦੀ ਇਕ ਇਕ ਕਰ ਕੇ ਚਰਚਾ ਕਰਨੀ ਹੋਵੇ ਤਾਂ ਸਮੱਗਰੀ ਬਹੁਤ ਵਿਸਤਾਰ ਵਾਲੀ ਹੈ। ਇੱਥੇ ਤਾਂ ਸਿਰਫ਼ ਸੰਕੇਤ ਹੀ ਹਨ। ਭੱਟ ਬਾਣੀ ਵਿਚ ਪੰਜ ਭੂਤਾਂ ਬਾਰੇ ਪੰਕਤੀਆਂ ਹਨ।
ਗੁਰ ਅੰਗਦ ਦੀਉ ਨਿਧਾਨੁ ਅਕਥ ਗਿਆਨੁ
ਪੰਚ ਭੂਤ ਬਸਿ ਕੀਨੇ ਜਮਤ ਨਾ ਤ੍ਰਾਸ।।
ਭੱਟ ਸਾਹਿਬਾਨ ਆਖਦੇ ਹਨ ਕਿ ਗੁਰੂ ਅੰਗਦ ਜੀ ਨੇ ਸਾਨੂੰ ਗਿਆਨ ਰੂਪੀ ਅਥਾਹ ਖ਼ਜ਼ਾਨਾ ਬਖਸ਼ਿਸ਼ ਕੀਤਾ ਹੈ ਇਸ ਕਰ ਕੇ ਹੁਣ ਇਹ ਭੂਤ (ਵਿਸ਼ੇ ਵਿਕਾਰ)  ਸਾਡੇ ਵੱਸ ਵਿਚ ਆ ਗਏ ਹਨ। ਇਨ੍ਹਾਂ ਦਾ ਸਾਨੂੰ ਹੁਣ ਕੋਈ ਭੈਅ ਨਹੀਂ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ ਅਕਤੂਬਰ 1962 ਵਿਚ ਛਾਪੀ ਹੋਈ ਕਿਤਾਬ ਗੁਰਮਤਿ ਮਾਰਤੰਡ ਦੇ ਭਾਗ ਦੂਜਾ ਵਿਚ ਭਾਈ ਕਾਹਨ ਸਿੰਘ ਲਿਖਦੇ ਹਨ:-
''ਪੰਜ ਤੱਤਾਂ ਦਾ ਨਾਂ ਭੂਤ ਹੈ। ਪਰ ਕੁੱਝ ਭਰਮ ਗਰਸੇ ਅਗਿਆਨੀਆਂ ਨੇ ਮਰੇ ਹੋਏ ਜੀਵਾਂ ਦੀ ਆਤਮਾ ਦੇ ਕਈ ਨਾਂ ਰੱਖ ਕੇ ਅਡੰਬਰ ਰਚੇ ਹੋਏ ਹਨ। ਅਸਲ ਵਿਚ ਕਰਤਾਰ ਤੋਂ ਵਿਮੁਖ ਕੁਕਰਮਾਂ ਦੇ ਪ੍ਰੇਮੀ ਦੁਖਦਾਈ ਲੋਕਾਂ ਨੂੰ ਭੂਤ-ਪ੍ਰੇਤ ਆਦਿ ਦਾ ਨਾਮ ਦਿਤਾ ਗਿਆ ਹੈ। (502)''ਗੁਰਬਾਣੀ ਮੁਤਾਬਕ ਜੀਵਨ ਜਿਊਣ ਦੇ ਢੰਗ ਅਨੁਸਾਰ ਕੁੱਝ ਮਨੁੱਖ ਵੀ ਭੂਤ ਰੂਪ ਹਨ। ਕਬੀਰ ਜੀ ਆਖਦੇ ਹਨ ਜਿਸ ਘਰ ਵਿਚ (ਸਾਧ ਨਾ ਸੇਵੀਏ) ਵਿਕਾਰਾਂ ਤੇ ਜਿੱਤ ਪ੍ਰਾਪਤ ਕਰਨ ਵਾਲੇ ਮਨੁੱਖਾਂ ਦੇ ਮੁਤਾਬਕ ਜੀਵਨ ਜਿਊਣ ਵਾਲੇ ਮਨੁੱਖ ਨਹੀਂ ਰਹਿੰਦੇ, ਤਾਂ ਉਹ ਘਰ (ਤੇ ਘਰ ਮਰਹਟ ਸਾਰਖੇ) ਸ਼ਮਸ਼ਾਨ ਘਰ ਹੈ ਅਤੇ ਉਸ ਵਿਚ ਦੇ ਬਾਸ਼ਿੰਦੇ (ਭੂਤ ਬਸਹਿ ਤਿਨ ਮਾਹਿ।।) 'ਭੂਤਨੇ' ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਗੁਰਬਾਣੀ ਵਿਚ ਐਨੇ ਤਰਕਪੂਰਨ ਤੇ ਪ੍ਰਤੀਕਾਤਮਿਕਤਾ ਨਾਲ ਭੂਤਾਂ ਬਾਰੇ ਸਮਝਾਇਆ ਗਿਆ ਹੈ ਤਾਂ ਕੁੱਝ ਪ੍ਰਚਾਰਕ ਹੀ ਇਹ ਸੱਚ ਲੁਕੋ ਕੇ ਸਿਰਫ਼ ਇਕ ਪੰਕਤੀ ਦੇ ਅਨਰਥ ਕਰ ਕੇ ਸਾਨੂੰ ਗੁਮਰਾਹ ਕਿਉਂ ਕਰਦੇ ਹਨ? ਸਾਨੂੰ ਇਨ੍ਹਾਂ ਡਰਾਂ ਵਿਚੋਂ ਕੱਢਣ ਦੀ ਬਜਾਏ ਹੋਰ ਡਰਾ ਰਹੇ ਹਨ। ਦਰਅਸਲ ਉਹ ਪ੍ਰਚਾਰਕ ਲੁਟੇਰੇ ਅਤੇ ਠੱਗ ਹਨ। ਉਹ ਜਾਣਦੇ ਹਨ ਕਿ ਇਕ ਡਰਿਆ ਹੋਇਆ ਮਨੁੱਖ ਹੀ ਆਸਾਨੀ ਨਾਲ ਲੁਟਿਆ ਅਤੇ ਠੱਗਿਆ ਜਾ ਸਕਦਾ ਹੈ। ਵਿਦਵਾਨ ਸੁਰਜੀਤ ਸਿੰਘ ਢਿੱਲੋਂ ਲਿਖਦੇ ਹਨ ਕਿ 'ਅੰਧਵਿਸ਼ਵਾਸ ਅਤੇ ਅਤਿਵਾਦ ਸਮੇਤ ਹਰ ਪ੍ਰਕਾਰ ਦਾ ਵਤੀਰਾ ਡਰਾਂ ਦੀ ਕੁੱਖੋਂ ਜਨਮ ਲੈ ਰਿਹਾ ਹੈ।' ਵਿਦਵਾਨ ਅਨੁਸਾਰ ਹੱਦੋਂ ਵਧਿਆ ਡਰ ਸਾਨੂੰ ਕਾਇਰ ਬਣਾ ਰਿਹਾ ਹੈ। ਡਰਪੋਕ ਹੋ ਕੇ ਅਸੀ ਲੁੱਟੇ ਜਾ ਰਹੇ ਹਾਂ।ਸੋ ਡਰੇ ਹੋਏ ਮਨਾਂ ਨੂੰ ਗੁਰਬਾਣੀ ਦੇ ਅਸਪੱਸ਼ਟ ਅਰਥ ਸੁਣਾ ਕੇ ਮਾਨਸਿਕ ਤੌਰ ਤੇ ਡਰਪੋਕ ਬਣਾਉਣ ਵਾਲੇ ਅਖੌਤੀ ਪ੍ਰਚਾਰਕ ਕਿਰਤੀਆਂ ਦੀ ਕਿਰਤ ਕਮਾਈ ਦੀ ਲੁੱਟ ਤਾਂ ਕਰਦੇ ਹੀ ਹਨ, ਵਿਹਲੜ ਹੋ ਕੇ ਵੀ ਕਿਰਤੀਆਂ ਕੋਲੋਂ ਅਪਣੀ ਪੂਜਾ ਵੀ ਕਰਵਾਉਂਦੇ ਹਨ। ਇਹ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਵੀ ਕਰ ਰਹੇ ਹਨ। ਜਾਗੋ ਮੇਰੇ ਕਿਰਤੀ ਭੈਣੋ ਅਤੇ ਭਰਾਵੋ, ਜਾਗੋ ਜੀ।