ਕਿਸਾਨ ਦੀ ਧੀ ਨੂੰ ਲੈ ਕੇ ਭੱਜੇ ਮੁੰਡੇ ਦੀ ਮਾਂ ਨੇ ਕੁੜੀ ਵਾਲਿਆਂ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਆਤਮਹੱਤਿਆ

ਖਾਸ ਖ਼ਬਰਾਂ

ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਖੋਟੇ ਵਿੱਚ ਰਹਿਣ ਵਾਲੀ ਇੱਕ ਪ੍ਰੇਸ਼ਾਨ ਨੇ ਧਮਕੀਆਂ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਬੀਤੀ ਰਾਤ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਨੂੰ ਮ੍ਰਿਤਕ ਔਰਤ ਦੇ ਕੋਲੋਂ ਸੁਸਾਇਡ ਨੋਟ ਮਿਲਿਆ ਹੈ। ਪੁਲਿਸ ਨੇ ਸੁਸਾਇਡ ਨੋਟ ਅਤੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਪਹੁੰਚਾ ਦਿੱਤਾ ਹੈ।

ਓਧਰ ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਦੇ ਬਿਆਨ ਉੱਤੇ ਧਮਕੀਆਂ ਦੇਣ ਦੇ ਇਲਜਾਮ ਵਿੱਚ ਇੱਕ ਔਰਤ ਸਮੇਤ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਨਿਹਾਲ ਸਿੰਘ ਵਾਲਾ ਦੇ ਏਐਸਆਈ ਫੈਲੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਮਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਨਿਵਾਸੀ ਪਿੰਡ ਖੋਟੇ ਦੇ ਪਤੀ ਬਲਵਿੰਦਰ ਸਿੰਘ ਦੁਆਰਾ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਦਾ ਪੁੱਤਰ ਕੁੱਝ ਸਮਾਂ ਪਹਿਲਾਂ ਪਿੰਡ ਵਿੱਚ ਹੀ ਰਹਿਣ ਵਾਲੇ ਇੱਕ ਵਿਅਕਤੀ ਦੀ ਧੀ ਨੂੰ ਭਜਾਕੇ ਆਪਣੇ ਨਾਲ ਲੈ ਗਿਆ ਸੀ। 

ਜਿਸਦੇ ਚਲਦੇ ਪੁਲਿਸ ਨੇ ਉਸ ਸਮੇਂ ਲੜਕੀ ਦੀ ਮਾਤਾ ਦੀ ਸ਼ਿਕਾਇਤ ਉਤੇ ਉਸਦੇ ਬੇਟੇ ਦੇ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਮਾਮਲਾ ਦਰਜ ਕੀਤਾ ਸੀ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁੱਝ ਸਮੇਂ ਬਾਅਦ ਉਸਦਾ ਪੁੱਤਰ ਅਤੇ ਲੜਕੀ ਪਿੰਡ ਪਰਤ ਆਏ ਸਨ। ਜਿਸਦੇ ਚਲਦੇ ਦੋਵਾਂ ਪੱਖਾਂ ਵਿੱਚ ਰਾਜੀਨਾਮਾ ਹੋ ਗਿਆ ਸੀ। ਉਸਨੇ ਕਿਹਾ ਕਿ 10-12 ਦਿਨ ਪਹਿਲਾਂ ਉਸਦਾ ਪੁੱਤਰ ਫਿਰ ਉਸੇ ਲੜਕੀ ਨੂੰ ਭਜਾਕੇ ਲੈ ਗਿਆ। 

  ਜਿਸਦੇ ਚਲਦੇ ਲੜਕੀ ਦਾ ਪਿਤਾ ਅਤੇ ਉਸਦੇ ਪਰਿਵਾਰ ਵਾਲਿਆਂ ਅਤੇ ਲੜਕੀ ਦੇ ਜੀਜੇ ਅਤੇ ਪਿੰਡ ਦੇ ਹੀ ਇੱਕ ਡਾਕਟਰ ਕੇਵਲ ਸਿੰਘ ਦੁਆਰਾ ਉਸਦੇ ਪਰਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬਿਆਨਾਂ ਦੇ ਮੁਤਾਬਿਕ ਇਨ੍ਹਾਂ ਧਮਕੀਆਂ ਕਾਰਨ ਉਕਤ ਔਰਤ ਮਨਜੀਤ ਕੌਰ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਸੀ। ਇਸ ਪ੍ਰੇਸ਼ਾਨੀ ਦੇ ਚਲਦਿਆਂ ਮੰਗਲਵਾਰ ਦੀ ਰਾਤ ਉਸਦੀ ਪਤਨੀ ਨੇ ਘਰ ਵਿੱਚ ਹੀ ਫੰਦਾ ਲਗਾਕੇ ਖੁਦਕੁਸ਼ੀ ਕਰ ਲਈ।

ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਦੇ ਬਿਆਨ ਉੱਤੇ ਧਮਕੀਆ ਦੇਣ ਦੇ ਇਲਜਾਮ ਵਿੱਚ ਲੜਕੀ ਦੇ ਪਿਤਾ, ਮਾਤਾ, ਜੀਜੇ ਸਮੇਤ ਪਿੰਡ ਦੇ ਇੱਕ ਡਾਕਟਰ ਕੇਵਲ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਏਐਸਆਈ ਫੈਲੀ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਸਾਇਡ ਨੋਟ ਦੀ ਜਾਂਚ ਹੈਂਡਰਾਇਟਿੰਗ ਐਕਸਪ੍ਰਟ ਵੱਲੋਂ ਕਰਵਾਈ ਜਾਵੇਗੀ।

ਦੱਸ ਦਈਏ ਕਿ ਮੁੰਡੇ ਦੀ ਕਰਤੂਤ ਕਾਰਨ ਮਾਂ ਵੱਲੋਂ ਖੁਦਕੁਸ਼ੀ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਲੁਧਿਆਣਾ ਵਿਖੇ ਵੀ ਪਤੀ-ਪਤਨੀ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਕਿਉਂਕਿ ਉਨ੍ਹਾਂ ਦਾ ਬੇਟਾ ਇੱਕ ਲੜਕੀ ਨੂੰ ਭਜਾ ਕੇ ਲੈ ਗਿਆ ਸੀ ਅਤੇ ਪੁਲਿਸ ਉਨ੍ਹਾਂ ਨੂੰ ਵਾਰ-ਵਾਰ ਥਾਣੇ ਬੁਲਾ ਕੇ ਪੁੱਛਗਿੱਛ ਕਰ ਰਹੀ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਸੀ।