ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ : ਇੱਕ ਮੰਚ ’ਤੇ ਇਕੱਠੇ ਹੋਏ ਮੁੱਖ ਰਾਜਸੀ ਧਿਰਾਂ ਦੇ ਆਗੂ

ਖਾਸ ਖ਼ਬਰਾਂ

ਸੰਗਰੂਰ : ਪੰਜਾਬ ਅੰਦਰ ਨਵੀਂ ਪਹਿਲ ਕਰਦਿਆਂ ਆਈਡੀਪੀ ਦੀ ਅਗਵਾਈ ਹੇਠ ਬਣੀ ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਪੰਜਾਬ ਦੇ ਸੱਦੇ ’ਤੇ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਅਤੇ ਕਿਸਾਨੀ ਸੰਕਟ ਦੇ ਅਤਿ ਗੰਭੀਰ ਮੁੱਦੇ ’ਤੇ ਮੁੱਖ ਰਾਜਨੀਤਕ ਪਾਰਟੀਆਂ ਦੇ ਆਗੂ ਅੱਜ ਇੱਥੇ ਇੱਕ ਮੰਚ ’ਤੇ ਇਕੱਠੇ ਹੋਏ ਅਤੇ ਇਸ ਸੰਕਟ ਦੇ ਸਾਰਥਕ ਹੱਲ ਲਈ ਚਰਚਾ ਕੀਤੀ। ਇਸ ਸਮਾਗਮ ਵਿੱਚ ਖ਼ੁਦਕੁਸ਼ੀ ਕਰ ਗਏ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਤੋਂ ਇਲਾਵਾ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ, ਚਿੰਤਕ ਡਾ. ਪਿਆਰਾ ਲਾਲ ਗਰਗ, ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ, ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਸਰਬਜੀਤ ਸਿੰਘ ਧਾਲੀਵਾਲ ਤੋਂ ਇਲਾਵਾ ਅਨੇਕਾਂ ਸ਼ਖ਼ਸੀਅਤਾਂ ਹਾਜ਼ਰ ਸਨ। 



ਸਮਾਗਮ ਦੌਰਾਨ ਪੀੜਤ ਪਰਿਵਾਰ ਖ਼ੁਦਕੁਸ਼ੀਆਂ ਲਈ ਬਣੇ ਪਰਿਵਾਰਕ ਹਾਲਾਤ ਬਿਆਨਦਿਆਂ ਭਾਵੁਕ ਹੋ ਗਏ ਅਤੇ ਆਪਣੇ ਹੰਝੂ ਨਾ ਰੋਕ ਸਕੇ। ਇਸ ਮੌਕੇ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਇਕੱਠੇ ਕਰਨ ਦਾ ਮੰਤਵ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਚੁਣੇ ਹੋਏ ਪ੍ਰਤੀਨਿਧੀਆਂ ਜ਼ਰੀਏ ਸਰਕਾਰ ਤੱਕ ਪਹੁੰਚਾਉਣਾ ਹੈ ਤਾਂ ਜੋ ਖੇਤੀ ਸੰਕਟ ਦੇ ਹੱਲ ਲਈ ਵਿਸ਼ੇਸ਼ ਨੀਤੀ ਬਣਾਈ ਜਾ ਸਕੇ।

 


ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰਾਂ ਦੀਆਂ ਨੀਤੀਆਂ ’ਚ ਕੋਈ ਖੋਟ ਨਾ ਹੁੰਦੀ ਤਾਂ ਅੱਜ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਘਰਾਂ ਵਿੱਚ ਸੱਥਰ ਨਾ ਵਿਛਦੇ। ਉਨ੍ਹਾਂ ਕਿਹਾ ਕਿ ਕਿਸਾਨੀ ਸੰਕਟ ਦੇ ਹੱਲ ਲਈ ਖੇਤੀਬਾੜੀ ਨੂੰ ਮੁਨਾਫ਼ਾਯੋਗ ਬਣਾਉਣ ਲਈ ਫ਼ਸਲਾਂ ਦਾ ਵਾਜਬ ਭਾਅ ਮਿਲਣਾ ਜ਼ਰੂਰੀ ਹੈ। ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨੀ ਸੰਕਟ ਦੇ ਹੱਲ ਲਈ ਖੇਤੀਬਾੜੀ ਤੇ ਯੋਗ ਨੀਤੀ ਬਣਾਉਣ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬਣਾਉਣ ਦੀ ਲੋੜ ਹੈ। ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਖੇਤੀਬਾੜੀ ਲਈ ਵਿਸ਼ੇਸ਼ ਨੀਤੀ ਬਣਾਉਣ ਦੀ ਲੋੜ ਹੈ। 



ਕਿਸਾਨਾਂ ਲਈ ਬਣਾਈਆਂ ਸਕੀਮਾਂ ਦਾ ਲਾਭ ਸਿਰਫ਼ ਕਿਸਾਨੀ ’ਤੇ ਨਿਰਭਰ ਪਰਿਵਾਰਾਂ ਨੂੰ ਹੀ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮੌਜੂਦਾ ਮੰਦਹਾਲੀ ਦੇ ਸੰਕਟ ਸਮੇਂ ਪਰਿਵਾਰਾਂ ਦੀ ਖ਼ੁਸ਼ੀ ਅਤੇ ਗਮੀ ਦੀਆਂ ਰਸਮਾਂ ਸਾਦੀਆਂ ਕਰਨ ਹੋਣੀਆਂ ਚਾਹੀਦੀਆਂ ਹਨ। ਸੰਸਦ ਮੈਂਬਰ ਸੁਨੀਲ ਜਾਖੜ ਤਰਫ਼ੋਂ ਪੁੱਜੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੀ ਭਾਵੁਕ ਤਕਰੀਰ ਵਿੱਚ ਕਿਹਾ ਕਿ ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਮੁੱਦੇ ਨੂੰ ਉਹ ਵਿਧਾਨ ਸਭਾ ਵਿੱਚ ਉਠਾਉਣਗੇ ਤਾਂ ਜੋ ਪੀੜਤ ਪਰਿਵਾਰਾਂ ਦੇ ਬੱਚਿਆਂ ਲਈ ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਯੋਗ ਪ੍ਰਬੰਧ ਹੋ ਸਕੇ। 



ਆਈਡੀਪੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ ਨੇ ਦੱਸਿਆ ਕਿ ਇਸ ਸਮਾਗਮ ਲਈ ਸਾਰੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਤਿੰਨ ਸੰਸਦ ਮੈਂਬਰ ਅਤੇ ਇੱਕ ਸੰਸਦ ਮੈਂਬਰ ਦਾ ਨੁਮਾਇੰਦਾ ਸ਼ਾਮਲ ਹੋਇਆ ਹੈ। ਇਸ ਮੌਕੇ ਆਈਡੀਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਕੌਮੀ ਕਮੇਟੀ ਮੈਂਬਰ ਦਰਸ਼ਨ ਸਿੰਘ ਧਨੇਠਾ, ਫਲਜੀਤ ਸਿੰਘ, ਤਰਲੋਚਨ ਸਿੰਘ ਸ਼ਾਮਲ ਸਨ।