ਨਵੀਂ ਦਿੱਲੀ, 13 ਨਵੰਬਰ (ਅਮਨਦੀਪ ਸਿੰਘ): ਕਿਸਾਨ ਹਿੱਤਾਂ ਲਈ ਸੰਘਰਸ਼ਸ਼ੀਲ ਸਵਰਾਜ ਇੰਡੀਆ ਪਾਰਟੀ ਦੀ ਅਗਵਾਈ ਵਿਚ ਕਿਸਾਨਾਂ ਤੇ ਪਾਰਟੀ ਅਹੁਦੇਦਾਰਾਂ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਦੀ ਰਿਹਾਇਸ਼ 'ਤੇ ਮੁਜ਼ਾਹਰਾ ਕਰ ਕੇ, ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਇਆ। ਕਿਸਾਨਾਂ ਦੀ ਪੁਲਿਸ ਨਾਲ ਤਕਰਾਰ ਵੀ ਹੋਈ ਤੇ ਅਹੁਦੇਦਾਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲਿਆ। ਸਵਰਾਜ ਇੰਡੀਆ ਨੇ ਦੋਸ਼ ਲਾਇਆ ਕਿ ਪੁਲਿਸ ਨੇ ਮੁਜ਼ਾਹਰਾ ਕਰ ਰਹੇ ਕਾਰਕੁਨਾਂ ਨਾਲ ਕੁੱਟਮਾਰ ਕੀਤੀ ਹੈ ਤੇ ਪਿਛੋਂ ਹਿਰਾਸਤ ਵਿਚ ਲਿਆ ਹੈ।ਕਿਸਾਨਾਂ ਵਿਚ ਇਸ ਗੱਲ ਨੂੰ ਲੈ ਕੇ ਸਖ਼ਤ ਰੋਸ ਸੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਪਾਰਲੀਮੈਂਟ ਵਿਚ ਇਹ ਗੁਮਰਾਹਕੁਨ ਪ੍ਰਗਟਾਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਦੇ ਵੀ ਘੱਟੋ-ਘੱਟ ਸਮਰਥਨ ਮੁੱਲ ਦਾ ਕੋਈ ਵਾਅਦਾ ਨਹੀਂ ਸੀ ਕੀਤਾ, ਜਦਕਿ ਕਿਸਾਨ ਆਗੂਆਂ ਨੇ ਕਿਹਾ ਕਿ ਪਾਰਲੀਮਾਨੀ ਚੋਣਾਂ ਵੇਲੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਫ਼ਸਲਾਂ ਦੇ ਲਾਗਤ ਮੁੱਲ 'ਤੇ 50 ਫ਼ੀ ਸਦੀ ਮੁਨਾਫ਼ਾ ਦੇਣ ਦਾ ਵਾਅਦਾ ਕੀਤਾ ਸੀ।
ਮੁਜ਼ਾਹਰੇ ਵਿਚ ਮੇਵਾਤ ਤੋਂ ਪੁੱਜੇ ਕਿਸਾਨ ਆਗੂ ਰਮਜ਼ਾਨ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰਾਲੇ ਦਾ ਨਾਮ ਬਦਲ ਕੇ, ਖੇਤੀਬਾੜੀ ਅਤੇ ਕਿਸਾਨ ਸੁਧਾਰ ਮੰਤਰਾਲੇ ਰੱਖਣ ਨਾਲ ਕਿਸਾਨਾਂ ਦੀ ਹਾਲਤ ਨਹੀਂ ਸੁਧਰਨੀ ਜਦਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਗ੍ਰਾਫ਼ ਵਧਦਾ ਹੀ ਜਾ ਰਿਹਾ ਹੈ ਤੇ ਸਰਕਾਰ ਸੁੱਤੀ ਹੋਈ ਹੈ।ਯਾਦ ਰਹੇ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਕਿਸਾਨਾਂ ਨੇ 20 ਨਵੰਬਰ ਨੂੰ ਦਿੱਲੀ ਦੇ ਪਾਰਲੀਮੈਂਟ ਨੇੜੇ ਜੰਤਰ ਮੰਤਰ ਵਿਖੇ ਕਿਸਾਨ ਮੁਕਤੀ ਸੰਸਦ ਸਮਾਗਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਭਰ ਦੀ 184 ਕਿਸਾਨ ਜਥੇਬੰਦੀਆਂ ਵਲੋਂ ਮਿਲ ਕੇ, ਦੇਸ਼ ਪੱਧਰ 'ਤੇ ਕਿਸਾਨਾਂ ਦੀ ਕੋਆਰਡੀਨੇਸ਼ਨ ਕਮੇਟੀ ਬਣਾਈ ਜਾ ਚੁਕੀ ਹੈ ਜੋ ਦਿੱਲੀ ਵਿਚ ਸਮਾਗਮ ਕਰਵਾ ਕੇ ਕਿਸਾਨੀ ਮੁੱਦਿਆਂ ਬਾਰੇ ਸਰਕਾਰ ਨੂੰ ਹਲੂਣੇਗੀ। ਜੈ ਕਿਸਾਨ ਅੰਦੋਲਨ ਤੇ ਸਵਰਾਜ ਇੰਡੀਆ ਪਾਰਟੀ ਨੇ ਕਿਸਾਨਾਂ ਨੂੰ ਹੱਕ ਦਿਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਸੜਕ ਤੋਂ ਸੁਪਰੀਮ ਕੋਰਟ ਤਕ ਲੜਾਈ ਲੜਨ ਦਾ ਐਲਾਨ ਕੀਤਾ ਹੈ।
ਸਵਰਾਜ ਇੰਡੀਆ ਪਾਰਟੀ ਦੇ ਬੁਲਾਰੇ ਨੇ ਦਸਿਆ ਕਿ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਪਰਮਜੀਤ ਸਿੰਘ, ਰਮਜ਼ਾਨ ਚੌਧਰੀ, ਨਵਨੀਤ ਤਿਵਾਰੀ ਅਤੇ ਸੁਰਿੰਦਰ ਕੋਹਲੀ ਸਣੇ ਹੋਰ ਮੁਜ਼ਾਹਰਾਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਮੰਦਿਰ ਮਾਰਗ ਥਾਣੇ ਲੈ ਗਈ ਹੈ।
ਸਵਰਾਜ ਇੰਡੀਆ ਪਾਰਟੀ ਦੇ ਬੁਲਾਰੇ ਨੇ ਦਸਿਆ ਕਿ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਪਰਮਜੀਤ ਸਿੰਘ, ਰਮਜ਼ਾਨ ਚੌਧਰੀ, ਨਵਨੀਤ ਤਿਵਾਰੀ ਅਤੇ ਸੁਰਿੰਦਰ ਕੋਹਲੀ ਸਣੇ ਹੋਰ ਮੁਜ਼ਾਹਰਾਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਮੰਦਿਰ ਮਾਰਗ ਥਾਣੇ ਲੈ ਗਈ ਹੈ।